ਅੰਮ੍ਰਿਤਸਰ: ਅਮਰੀਕਾ ਵਲੋਂ ਡਿਪੋਰਟ ਕੀਤੇ ਗਏ 167 ਭਾਰਤੀ ਅੱਜ ਸ਼ਾਮ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ। ਇਹ ਉਹ ਲੋਕ ਹਨ ਜੋ ਸੁਨਹਿਰੀ ਭਵਿੱਖ ਦੀ ਆਸ ‘ਚ ਲੱਖਾਂ ਰੁਪਏ ਖ਼ਰਚ ਪਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸੀ ਪਰ ਉੱਥੇ ਫੜੇ ਜਾਣ ‘ਤੇ ਕਾਨੂੰਨੀ ਕਾਰਵਾਈ ਝਲਣ ਉਪਰੰਤ ਹੁਣ ਡਿਪੋਰਟ ਕੀਤੇ ਗਏ ਹਨ।

ਦੱਸ ਦਈਏ ਕਿ ਇਨ੍ਹਾਂ ‘ਚ ਸਭ ਤੋਂ ਵੱਧ 79 ਲੋਕ ਹਰਿਆਣਾ ਤੇ 67 ਪੰਜਾਬੀ ਸ਼ਾਮਲ ਹਨ ਜਦਕਿ ਬਾਕੀ ਮਹਾਰਾਸ਼ਟਰ, ਦਿੱਲੀ, ਆਂਧਰਾ ਪ੍ਰਦੇਸ਼, ਗੁਜਰਾਤ ਆਦਿ ਵੱਖ-ਵੱਖ ਸੂਬਿਆਂ ਤੋਂ ਹਨ। ਅਜਨਾਲਾ ਦੇ ਐਸਡੀਐਮ ਡਾਕਟਰ ਦੀਪਕ ਸ਼ਰਮਾ ਮੁਤਾਬਕ ਇੱਥੇ ਪਹੁੰਚਣ ‘ਤੇ ਇਨ੍ਹਾਂ ਸਾਰਿਆਂ ਦੀ ਡਾਕਟਰੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਹੁਣ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ‘ਚ ਬਣਾਏ ਇਕਾਂਤਵਾਸ ਕੇਂਦਰਾਂ ‘ਚ ਰਖਿਆ ਜਾਵੇਗਾ।

ਡਾਕਟਰ ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਅਤੇ ਬਾਕੀ ਸੂਬਿਆਂ ਨਾਲ ਸਬੰਧਿਤ ਲੋਕਾਂ ਨੂੰ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ‘ਚ ਬਣਾਏ ਇਕਾਂਤਵਾਸ ਕੇਂਦਰ ‘ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਭੁਗਤਾਨ ਕਰਕੇ ਹੋਟਲ ‘ਚ ਵੀ ਰਹਿ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904