ਅੰਮ੍ਰਿਤਸਰ: ਦੁਨੀਆ ਭਰ 'ਚ ਅਜਿਹੇ ਕਈ ਲੋਕ ਹਨ ਜੋ ਕੋਰੋਨਾ ਕਰਕੇ ਲੌਕਡਾਊਨ ਦੇ ਚਲਦਿਆਂ ਘਰਾਂ ਤੋਂ ਦੂਰ ਹੋਰਨਾਂ ਥਾਵਾਂ 'ਤੇ ਫਸੇ ਹੋਏ ਹਨ। ਪਾਕਿਸਤਾਨ ਦੇ ਵੀ ਕਈ ਨਾਗਰਿਕ ਭਾਰਤ 'ਚ ਹਨ। ਅੱਜ ਇਹ ਲੋਕ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਦੇਸ਼ ਪਰਤ ਗਏ ਹਨ। 193 ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਾਪਿਸ ਗਏ ਹਨ। ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨਾਗਰਿਕਾਂ ਨੇ ਦੱਸਿਆ ਕਿ ਉਹ ਭਾਰਤ 'ਚ ਆਪਣਾ ਇਲਾਜ ਕਰਵਾਉਣ, ਰਿਸ਼ਤੇਦਾਰਾਂ ਨੂੰ ਮਿਲਣ ਲਈ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਤੋਂ ਭਾਰਤ ਆਏ ਸਨ। ਭਾਰਤ 'ਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਕਰਕੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ ਸੀ।
ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦਾ ਅੰਤਰਰਾਸ਼ਟਰੀ ਬਾਰਡਰ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਕੋਈ ਵੀ ਨਾਗਰਿਕ ਪਾਕਿਸਤਾਨ ਨਹੀਂ ਸੀ ਜਾ ਸਕਦਾ। ਅੱਜ ਪਾਕਿਸਤਾਨ ਪਰਤਣ ਵਾਲੇ ਇਨ੍ਹਾਂ ਨਾਗਰਿਕਾਂ ਦੇ ਵਿੱਚ ਬਹੁਤ ਸਾਰੇ ਹਿੰਦੂ ਸ਼ਰਧਾਲੂ ਵੀ ਸੀ ਜੋ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਭਾਰਤ ਪਹੁੰਚੇ ਸੀ। ਅੱਜ ਅਟਾਰੀ ਵਿਖੇ ਪਹੁੰਚੇ ਪਾਕਿਸਤਾਨੀ ਨਾਗਰਿਕਾਂ ਮੁੰਬਈ, ਅਹਿਮਦਾਬਾਦ, ਰਾਜਸਥਾਨ, ਦਿੱਲੀ, ਆਗਰਾ ਆਦਿ ਸਥਾਨਾਂ ਤੋਂ ਆਏ ਸਨ ਇਹ ਪਾਕਿਸਤਾਨੀ ਨਾਗਰਿਕ ਲਗਾਤਾਰ ਪਾਕਿਸਤਾਨੀ ਅੰਬੈਸੀ ਦੇ ਨਾਲ ਸੰਪਰਕ 'ਚ ਸੀ।
ਅੰਬੈਸੀ ਵਲੋਂ ਇਨ੍ਹਾਂ ਨੂੰ ਪੰਜ ਮਈ ਨੂੰ ਅਟਾਰੀ ਵਾਹਗਾ ਸਰਹੱਦ 'ਤੇ ਪਹੁੰਚਣ ਲਈ ਕਿਹਾ ਸੀ ਤਾਂ ਕਿ ਇਨ੍ਹਾਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾ ਸਕੇ। ਇਸ ਤੋਂ ਇਲਾਵਾ ਬਹੁਤ ਸਾਰੇ ਨਾਗਰਿਕਾਂ ਦੇ ਕੋਲ ਵੀਜ਼ਾ ਵੀ ਖ਼ਤਮ ਹੋ ਗਿਆ ਸੀ ਜਿਸ ਕਰਕੇ ਇਨ੍ਹਾਂ ਨੂੰ ਆਨਲਾਈਨ ਵੀਜ਼ੇ ਦੀ ਮਿਆਦ ਵੀ ਵਧਾਉਣੀ ਪਈ। ਪਾਕਿਸਤਾਨੀ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ 'ਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਈ ਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਗਈ ਜਿਸ ਕਰਕੇ ਉਹ ਭਾਰਤੀ ਹਕੂਮਤ ਦਾ ਸ਼ੁਕਰਗੁਜ਼ਾਰ ਹਨ।