ਕੋਲਕਾਤਾ: ਪੱਛਮੀ ਬੰਗਾਲਦੇ ਹੁਗਲੀ ’ਚ ਲਗਪਗ 200 ਭਾਜਪਾ ਕਾਰਕੁਨਾਂ ਨੇ ਆਪਣੇ ਸਿਰ ਮੁੰਨਾ ਕੇ ਟੀਐਮਸੀ (TMC1 ਤ੍ਰਿਣਮੂਲ ਕਾਂਗਰਸ) ਵਿੱਚ ਵਾਪਸੀ ਕੀਤੀ ਹੈ। ਇਨ੍ਹਾਂ ਭਾਜਪਾ ਕਾਰਕੁਨਾਂ ਨੇ ਭਾਜਪਾ ਨਾਲ ਜੁੜਨ ਨੂੰ ‘ਆਪਣੀ ਗ਼ਲਤੀ’ ਦੱਸਿਆ ਤੇ ਪਛਤਾਵੇ ਵਜੋਂ ਉਨ੍ਹਾਂ ਸਿਰ ਮੁੰਨਾ ਕੇ ਪਹਿਲਾਂ ਆਪਣੇ ਉੱਤੇ ਗੰਗਾ ਜਲ ਛਿੜਕ ਕੇ ਖ਼ੁਦ ਨੂੰ ਸ਼ੁੱਧ ਕੀਤਾ ਤੇ ਫਿਰ ਟੀਐਮਸੀ ਵਿੱਚ ਵਾਪਸੀ ਕੀਤੀ।



 

ਦੱਸਿਆ ਜਾ ਰਿਹਾ ਹੈ ਕਿ ਹੁਗ਼ਲੀ ਦੇ ਆਰਾਮਬਾਗ਼ ਇਲਾਕੇ ਵਿੱਚ ਸੰਸਦ ਮੈਂਬਰ ਅਪਰੂਪਾ ਪੋਦਾਰ ਦਾ ਹੱਥ ਫੜ ਕੇ ਇਨ੍ਹਾਂ ਭਾਜਪਾ ਕਾਰਕੁੰਨਾਂ ਨੇ ਟੀਐਮਸੀ ਦਾ ਝੰਡਾ ਫੜਿਆ। ਅਪਰੂਪਾ ਪੋਦਾਰ ਅਨੁਸਾਰ ਮੰਗਲਵਾਰ ਨੂੰ ਟੀਐਮਸੀ ਵੱਲੋਂ ਆਰਾਮਬਾਗ਼ ਵਿੱਚ ਗ਼ਰੀਬਾਂ ਲਈ ਮੁਫ਼ਤ ਭੋਜਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸੇ ਦੌਰਾਨ ਦਲਿਤ ਭਾਈਚਾਰੇ ਦੇ ਕੁਝ ਲੋਕ ਆਏ ਤੇ ਕਿਹਾ ਕਿ ਉਨ੍ਹਾਂ ਭਾਜਪਾ ’ਚ ਸ਼ਾਮਲ ਹੋ ਕੇ ਗ਼ਲਤੀ ਕੀਤੀ ਹੈ ਤੇ ਸਿਰ ਮੁੰਨਾ ਕੇ ਪਛਤਾਵਾ ਕਰਨ ਤੋਂ ਬਾਅਦ ਅਸੀਂ ਤ੍ਰਿਣਮੂਲ ਕਾਂਗਰਸ ਵਿੱਚ ਵਾਪਸੀ ਕਰਨੀ ਚਾਹੁੰਦੇ ਹਾਂ।

 

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਬੀਰਭੂਮ ’ਚ ਸੈਂਕੜੇ ਭਾਜਪਾ ਕਾਰਕੁੰਨਾਂ ਉੱਤੇ ਗੰਗਾਜਲ ਛਿੜਕ ਕੇ ਟੀਐਮਸੀ ਵਿੱਚ ਵਾਪਸ ਜੁਆਇਨ ਕਰਵਾਇਆ ਗਿਆ ਸੀ। ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਜਿੱਤ ਤੋਂ ਬਾਅਦ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਸੈਂਕੜੇ ਦੀ ਗਿਣਛੀ ’ਚ ਘਰ ਵਾਪਸੀ ਹੋ ਰਹੀ ਹੈ।

 

ਉੱਧਰ ਭਾਜਪਾ ਨੇ ਆਪਣੇ ਕਾਰਕੁਨਾਂ ਦੀ ਇਸ ‘ਘਰ ਵਾਪਸੀ’ ਦਾ ਕਾਰਨ ਚੋਣਾਂ ਤੋਂ ਬਾਅਦ ਦੀ ਹਿੰਸਾ ਦੱਸਿਆ ਹੈ। ਭਾਜਪਾ ਅਨੁਸਾਰ ਜਿਵੇਂ ਚੋਣਾਂ ਤੋਂ ਬਾਅਦ ਹਿੰਸਾ ਵਾਪਰੀ, ਉਸ ਤੋਂ ਘਬਰਾ ਕੇ ਭਾਜਪਾ ਕਾਰਕੁੰਨ ਮਜਬੂਰੀਵੱਸ ਤ੍ਰਿਣਮੂਲ ਕਾਂਗਰਸ ਵਿੱਚ ਜਾ ਰਹੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਜਿੱਤਣ ਲਈ ਪੂਰਾ ਤਾਣ ਲਾਇਆ ਸੀ ਪਰ ਉਸ ਨੂੰ ਮਮਤਾ ਬੈਨਰਜੀ ਦੀ ਹਨੇਰੀ ਸਾਹਮਣੇ ਕੋਈ ਸਫ਼ਲਤਾ ਨਹੀਂ ਮਿਲ ਸਕੀ ਸੀ।