ਨਵੀਂ ਦਿੱਲੀ: ਦੇਸ਼ ਵਿੱਚ ਇਸ ਮੌਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 37 ਪ੍ਰਤੀਸ਼ਤ ਵਾਧੂ ਬਾਰਸ਼ ਹੋਈ ਹੈ। ਦੇਸ਼ ਵਿੱਚ 21 ਜੂਨ ਤੱਕ ਆਮ ਤੌਰ 'ਤੇ 10.05 ਸੈਂਟੀਮੀਟਰ ਦੇ ਮੁਕਾਬਲੇ 13.78 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ। ਭਾਰਤ ਦੇ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ 6-7 ਦਿਨਾਂ ਤੱਕ ਮੌਨਸੂਨ ਪਹੁੰਚਣ ਦੀ ਉਮੀਦ ਹੈ। ਇਸ ਲਈ ਜੁਲਾਈ ਚੜ੍ਹਦਿਆਂ ਹੀ ਦੋਵਾਂ ਸੂਬਿਆਂ ਵਿੱਚ ਬਾਰਸ਼ ਨਾਲ ਜਲਥਲ ਹੋਏਗਾ।



ਮੌਸਮ ਵਿਭਾਗ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਇਸ ਸਾਲ ਦੇ ਦੱਖਣ-ਪੱਛਮੀ ਮਾਨਸੂਨ ਦੇ ਮੌਸਮ ਵਿੱਚ, 21 ਜੂਨ ਤੱਕ ਵਰਖਾ ਆਮ ਨਾਲੋਂ ਤਕਰੀਬਨ 37 ਫੀਸਦ ਵੱਧ ਹੋਈ ਸੀ।” ਵਿਭਾਗ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ 71.3 ਮਿਲੀਮੀਟਰ ਬਾਰਸ਼ ਹੋਈ, ਜੋ ਆਮ ਨਾਲੋਂ 40.6 ਮਿਲੀਮੀਟਰ ਬਾਰਸ਼ ਨਾਲੋਂ 76 ਪ੍ਰਤੀਸ਼ਤ ਵੱਧ ਹੈ।

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਮੱਧ ਭਾਰਤ ਵਿੱਚ 145.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਆਮ ਵਰਖਾ 92.2 ਮਿਲੀਮੀਟਰ ਨਾਲੋਂ 58 ਪ੍ਰਤੀਸ਼ਤ ਵੱਧ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਪ੍ਰਾਇਦੀਪ ਵਿੱਚ 133.6 ਮਿਲੀਮੀਟਰ ਬਾਰਸ਼ ਹੋਈ ਜੋ ਆਮ ਨਾਲੋਂ 24 ਪ੍ਰਤੀਸ਼ਤ ਵਧੇਰੇ ਹੈ। ਵਿਭਾਗ ਅਨੁਸਾਰ ਪੂਰਬੀ ਤੇ ਉੱਤਰ-ਪੂਰਬੀ ਭਾਰਤ ਵਿੱਚ ਇਸ ਸਮੇਂ ਦੌਰਾਨ 253.9 ਮਿਲੀਮੀਟਰ ਬਾਰਸ਼ ਹੋਈ, ਜਦੋਂਕਿ ਇਸ ਸਮੇਂ ਦੌਰਾਨ ਆਮ ਬਾਰਸ਼ 224.8 ਮਿਲੀਮੀਟਰ ਹੈ।

 
ਵਿਭਾਗ ਅਨੁਸਾਰ, ਦੋ ਦਿਨ ਦੇਰੀ ਨਾਲ ਕੇਰਲ ਪਹੁੰਚਣ ਤੋਂ ਬਾਅਦ, ਮੌਨਸੂਨ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਤੇ ਇਹ ਪੂਰਬ, ਕੇਂਦਰੀ ਅਤੇ ਨਾਲ ਲੱਗਦੇ ਉੱਤਰ ਪੱਛਮੀ ਭਾਰਤ ਵਿੱਚ ਆਮ ਸਮੇਂ ਤੋਂ 7 ਤੋਂ 10 ਦਿਨ ਪਹਿਲਾਂ ਪਹੁੰਚ ਗਿਆ। ਹਾਲਾਂਕਿ, ਦਿੱਲੀ ਸਮੇਤ ਰਾਜ ਦੇ ਬਾਕੀ ਹਿੱਸਿਆਂ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਹਿੱਸਿਆਂ ਵਿਚ, ਅਗਲੇ ਸੱਤ ਦਿਨਾਂ ਵਿਚ ਇਸ ਦੇ ਅੱਗੇ ਵਧਣ ਦੀ ਬਹੁਤ ਘੱਟ ਸੰਭਾਵਨਾ ਹੈ।

 

ਇੰਝ ਇਕ ਹੋਰ ਹਫ਼ਤੇ ਲਈ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿਚ ਮਾਨਸੂਨ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤ ਦੇ ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਪ੍ਰਗਤੀ ਅਗਲੇ ਸੱਤ ਦਿਨਾਂ ਦੌਰਾਨ ਦਿੱਲੀ ਤੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ "ਸੰਭਾਵੀ ਨਹੀਂ" ਹੈ।

 

ਆਈਐਮਡੀ ਨੇ ਇੱਕ ਬਿਆਨ ਵਿੱਚ ਕਿਹਾ, ਦੱਖਣ ਪੱਛਮੀ ਮਾਨਸੂਨ ਨੇ ਰਾਜਸਥਾਨ, ਦਿੱਲੀ, ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਹੁਣ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਕਵਰ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਮਾਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ, ਮੱਧ ਤੇ ਉੱਤਰ-ਪੱਛਮੀ ਭਾਰਤ ਨਾਲੋਂ ਆਮ ਨਾਲੋਂ ਪਹਿਲਾਂ ਦੀ ਸ਼ੁਰੂਆਤ ਹੈ। ਹਾਲਾਂਕਿ, ਅਗਲੇ ਸੱਤ ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ।