ਪਵਨਪ੍ਰੀਤ ਕੌਰ
ਨਵੀਂ ਦਿੱਲੀ: ਬਜਟ 'ਚ ਅਰਥ ਵਿਵਸਥਾ ਦੀ ਸੁਸਤੀ ਦੂਰ ਕਰਨ ਤੇ ਨੌਕਰੀਆਂ ਵਧਾਉਣ ਲਈ ਸਰਕਾਰ ਕੀ ਯਤਨ ਕਰਦੀ ਹੈ, ਇਸ 'ਤੇ ਸਭ ਦੀਆਂ ਨਿਗਾਹਾਂ ਹਨ। ਇਸ ਸਭ ਦਰਮਿਆਨ ਹਾਲ ਹੀ 'ਚ ਆਈ ਰਿਪੋਰਟ ਮੁਤਾਬਕ ਦੇਸ਼ 'ਚ ਬੇਰੁਜ਼ਗਾਰੀ ਦਰ 7.1 ਫੀਸਦ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਰਿਸਰਚ 'ਚ ਸਾਹਮਣੇ ਆਇਆ ਕਿ ਦੇਸ਼ 'ਚ ਪਿਛਲੇ ਪੰਜ ਸਾਲਾਂ 'ਚ 3.64 ਕਰੋੜ ਨੌਕਰੀਆਂ ਸਿਰਫ਼ 7 ਪ੍ਰਮੁੱਖ ਸੈਕਟਰਾਂ 'ਚ ਹੀ ਜਾ ਚੁਕੀਆਂ ਹਨ। ਇਨ੍ਹਾਂ 'ਚ ਸਿੱਧੇ ਤੇ ਅਸਿੱਧੇ ਰੁਜ਼ਗਾਰ ਸ਼ਾਮਿਲ ਹਨ। ਸਭ ਤੋਂ ਵੱਧ ਨੌਕਰੀਆਂ 3.5 ਕਰੋੜ ਨੌਕਰੀਆਂ ਟੈਕਸਟਾਈਲ ਸੈਕਟਰ ਦੀਆਂ ਹਨ।

ਹਾਲਾਂਕਿ ਖਾਸ ਗੱਲ ਇਹ ਹੈ ਕਿ ਸਰਕਾਰੀ ਯਤਨਾਂ ਤੇ ਜੀਡੀਪੀ ਗ੍ਰੌਥ ਦੀ ਉਮੀਦ ਦੇ ਵਿੱਚ ਕਰੀਬ 5.3 ਕਰੋੜ ਤੋਂ ਵੱਧ ਨਵੀਆਂ ਨੌਕਰੀਆਂ ਅਗਲੇ ਸਾਲਾਂ 'ਚ ਆਉਣਗੀਆਂ। ਕਲੋਦਿੰਗ ਮੈਨਿਊਫੈਕਚਰਸ ਐਸੋਸੀਏਸ਼ਨ ਆਫ ਇੰਡੀਆਂ ਦੇ ਮੁਖੀ ਰਾਹੁਲ ਮਹਿਤਾ ਮੁਤਾਬਕ ਟੈਕਸਟਾਈਲ ਸੈਕਟਰ 'ਚ ਵੱਖ-ਵੱਖ ਕਾਰਨਾਂ ਤੋਂ ਪਿਛਲੇ ਪੰਜ ਸਾਲਾਂ 'ਚ ਕਰੀਬ 3.5 ਕਰੋੜ ਲੋਕ ਬੇਰੁਜ਼ਗਾਰ ਹੋਏ ਹਨ।

ਹਾਲਾਂਕਿ ਹੁਣ ਸਥਿਤੀਆਂ ਸੁਧਰ ਰਹੀਆਂ ਹਨ ਤੇ ਅਗਲੇ 5 ਸਾਲਾਂ 'ਚ ਇੰਨੇ ਹੀ ਨਵੇਂ ਰੁਜ਼ਗਾਰ ਆ ਜਾਣਗੇ। ਉੱਥੇ ਹੀ ਨੀਤੀ ਅਯੋਗ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਕਹਿੰਦੇ ਹਨ ਕਿ ਦੇਸ਼ 'ਚ ਜੌਬ ਲਾਸ ਨਹੀਂ ਹੋਇਆ। ਨਵੇਂ ਜੌਬ ਗ੍ਰੋਥ ਦੀ ਗਤੀ ਹੌਲੀ ਜ਼ਰੂਰ ਹੋਈ ਹੈ। ਕੇਂਦਰ ਸਰਕਾਰ ਨੇ ਇਨਫ੍ਰਾਸਟਰਕਚਰ 'ਤੇ ਖਰਚਾ ਵਧਾਇਆ ਹੈ। ਨਿਵੇਸ਼ ਵੀ ਵਧੇਗਾ, ਜਿਸ ਨਾਲ ਨੌਕਰੀਆਂ ਆਉਣਗੀਆਂ।