ਪਟਨਾ: ਇਕ ਪਾਸੇ ਦੇਸ਼ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਲੜ ਰਿਹਾ ਹੈ, ਦੂਜੇ ਪਾਸੇ ਬਿਹਾਰ ਤੋਂ ਇਕ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਬਿਹਾਰ ‘ਚ ਲਾਪਰਵਾਹੀ ਕਾਰਨ ਇਕ ਮਾਸੂਮ ਦੀ ਮੌਤ ਹੋ ਗਈ ਹੈ। ਬਿਹਾਰ ਦੇ ਜਹਾਨਾਬਾਦ ਦੇ ਸਦਰ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਦੀ ਮੌਤ ਹੋ ਗਈ। ਉਸ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਨਹੀਂ ਮਿਲ ਸਕੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।


ਸਿਸਟਮ ਦੀ ਬੇਸ਼ਰਮੀ ਇਥੇ ਨਹੀਂ ਰੁਕੀ। ਸਥਾਨਕ ਅਧਿਕਾਰੀਆਂ ਨੇ ਬੱਚੇ ਦੀ ਲਾਸ਼ ਨੂੰ ਪਿੰਡ ਲਿਜਾਣ ਲਈ ਐਂਬੂਲੈਂਸ ਵੀ ਨਹੀਂ ਮੁਹੱਈਆ ਕਰਵਾਈ। ਮ੍ਰਿਤਕ ਬੱਚੇ ਦੇ ਪਿਤਾ ਗਿਰਜੇਸ਼ ਕੁਮਾਰ ਨੇ ਜਹਾਨਾਬਾਦ ਸਦਰ ਹਸਪਤਾਲ ਦੇ ਕਰਮਚਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸਨੇ ਕਿਹਾ ਹੈ ਕਿ ਜਦੋਂ ਉਸਨੂੰ ਇਲਾਜ ਤੋਂ ਬਾਅਦ ਰੈਫਰ ਕੀਤਾ ਗਿਆ , ਤਾਂ ਉਸਨੂੰ ਐਂਬੂਲੈਂਸ ਨਹੀਂ ਦਿੱਤੀ ਗਈ। ਬੱਚੇ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਪਟਨਾ ਲਿਜਾਇਆ ਜਾਣਾ ਸੀ ਪਰ ਐਂਬੂਲੈਂਸ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।

ਕੀ ਹੈ ਪੂਰਾ ਮਾਮਲਾ:

ਦਰਅਸਲ ਇਹ ਪਰਿਵਾਰ ਅਰਵਾਲ ਜ਼ਿਲ੍ਹੇ ਦੇ ਕੁਰਥਾ ਥਾਣਾ ਖੇਤਰ ਦੇ ਪਿੰਡ ਲਾਰੀ ਸਾਹੋਪੁਰ ਵਿੱਚ ਰਹਿੰਦਾ ਹੈ। ਬੱਚੇ ਦੀ ਸਿਹਤ ਖ਼ਰਾਬ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਪ੍ਰਾਇਮਰੀ ਸਿਹਤ ਕੇਂਦਰ ਕੁਰਥਾ ਵਿਖੇ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਜਹਾਨਾਬਾਦ ਰੈਫ਼ਰ ਕਰ ਦਿੱਤਾ।

ਲੌਕਡਾਊਨ ਕਾਰਨ ਪਰਿਵਾਰ ਕਿਸੇ ਤਰ੍ਹਾਂ ਆਟੋ ਰਾਹੀਂ ਜਹਾਨਾਬਾਦ ਸਦਰ ਹਸਪਤਾਲ ਪਹੁੰਚਿਆ ਜਿਥੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਨਾ ਰੈਫਰ ਕਰ ਦਿੱਤਾ, ਪਰ ਮਰੀਜ਼ ਦਾ ਪਰਿਵਾਰ ਐਂਬੂਲੈਂਸ ਲਈ ਤਕਰੀਬਨ ਦੋ ਘੰਟੇ ਭਟਕਦਾ ਰਿਹਾ ਤੇ ਉਦੋਂ ਤੱਕ ਬੱਚਾ ਦਮ ਤੋੜ ਗਿਆ।

ਇਸ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦ ਬੱਚੇ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਆਪਣੇ ਘਰ ਲਿਜਾਣ ਲਈ ਸਰਕਾਰੀ ਪੱਧਰ 'ਤੇ ਕੋਈ ਵਾਹਨ ਨਹੀਂ ਮਿਲਿਆ। ਥੱਕ ਹਾਰ ਕੇ ਬੱਚੇ ਦੀ ਮਾਂ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਜਹਾਨਾਬਾਦ ‘ਚ ਘਰ 25 ਕਿਲੋਮੀਟਰ ਦੂਰ ਲਾਰੀ ਪਿੰਡ ਪਹੁੰਚੀ।

ਸਿਵਲ ਸਰਜਨ ਅਤੇ ਜਹਾਨਾਬਾਦ ਦੇ ਡੀਐਮ ਨੇ ਕੀ ਕਿਹਾ?

ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਸਿਵਲ ਸਰਜਨ ਨੇ ਕਿਹਾ ਹੈ ਕਿ ਜੇ ਐਂਬੂਲੈਂਸ ਵਰਕਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਅਸੀਂ ਜਾਂਚ ਕਰ ਰਹੇ ਹਾਂ ਕਿ ਕਿਸ ਦੁਆਰਾ ਲਾਪਰਵਾਹੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਹਾਨਾਬਾਦ ਦੇ ਡੀਐਮ ਨੇ ਕਿਹਾ ਕਿ ਅਸੀਂ ਪਤਾ ਲਗਾ ਰਹੇ ਹਾਂ ਕਿ ਪੂਰਾ ਮਾਮਲਾ ਕੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :

ਕੋਰੋਨਾ ਨੇ ਖੜਾ ਕੀਤਾ ਵੱਡਾ ਖ਼ਤਰਾ, ਦੁਨੀਆ ‘ਚ ਵੱਧੇਗੀ ਗਰੀਬੀ!

ਲੌਕਡਾਊਨ ‘ਚ ਗਰਭਵਤੀ ਨੂੰ ਹੋਣ ਲੱਗਾ ਦਰਦ, ਏਰੀਆ ਸੀ ਸੀਲ, ਨਾ ਹੀ ਮਿਲੀ ਕੋਈ ਮਦਦ, ਤਾਂ ਪਤੀ ਨੇ ਕੀਤਾ ਇਹ ਕੰਮ