ਨਵੀਂ ਦਿੱਲੀ: ਚੀਨ ਦੇ ਵੁਹਾਨ 'ਚ ਫਸੇ 330 ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਦੂਸਰਾ ਜਹਾਜ਼ ਅੱਜ ਐਤਵਾਰ ਦਿੱਲੀ ਪਹੁੰਚਿਆ। ਇਨ੍ਹਾਂ 'ਚੋਂ 323 ਭਾਰਤੀ ਤੇ 7 ਮਾਲਦੀਵ ਦੇ ਨਾਗਰਿਕ ਹਨ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਕਿਹਾ ਕਿ ਸਾਡੇ ਨਾਗਰਿਕ ਵੀ ਕੁੱਝ ਦਿਨਾਂ ਲਈ ਦਿੱਲੀ ਦੇ ਕੈਂਪਾਂ 'ਚ ਨਿਗਰਾਨੀ 'ਚ ਰੱਖੇ ਜਾਣਗੇ। ਸਾਰੇ ਨਾਗਰਿਕਾਂ ਨੂੰ ਲੈ ਕੇ ਆਈਟੀਬੀਪੀ ਤੇ ਭਾਰਤੀ ਸੈਨਾ ਦੇ ਜਵਾਨ ਉਨ੍ਹਾਂ ਨੂੰ ਨਿਗਰਾਨੀ ਕੇਂਦਰ 'ਚ ਲੈ ਜਾਣਗੇ।
ਉੱਧਰ ਕੇਰਲ 'ਚ ਅੱਜ ਕੋਰੋਨਾਵਾਈਰਸ ਦਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ ਨੌਜਵਾਨ ਕੁਝ ਦਿਨ ਪਹਿਲਾਂ ਚੀਨ ਤੋਂ ਪਰਤਿਆ ਹੈ। ਉਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਉੱਥੇ ਹੀ ਚੀਨ 'ਚ ਸ਼ਨੀਵਾਰ ਤੱਕ 304 ਲੋਕਾਂ ਦੀ ਇਸ ਜਾਨਲੇਵਾ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ।
ਸ਼ਨੀਵਾਰ ਨੂੰ 324 ਭਾਰਤੀ ਏਅਰ ਇੰਡੀਆ ਦੀ ਪਹਿਲੀ ਫਲਾਇਟ 'ਤੇ ਦਿੱਲੀ ਲਿਆਂਦੇ ਗਏ। ਅਧਿਕਾਰੀਆਂ ਮੁਤਾਬਕ ਚੀਨ 'ਚ ਸ਼ਨੀਵਾਰ ਤੱਕ ਕੋਰੋਨਾਵਾਇਰਸ ਦੇ ਸੰਕਰਮਣ ਦੇ ਹੁਣ ਤੱਕ 14,380 ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਦੇ 31 ਸੂਬੇ ਕੋਰੋਨਾਵਾਈਰਸ ਦੀ ਚਪੇਟ 'ਚ ਹਨ। ਹੁਬੇਈ 'ਚ 24 ਘੰਟੇ 'ਚ 45 ਲੋਕਾਂ ਦੀ ਮੌਤ ਹੋਈ। ਸ਼ਨੀਵਾਰ ਨੂੰ 4,562 ਨਵੇਂ ਮਾਮਲੇ ਸਾਹਮਣੇ ਆਏ। ਵਰਲਡ ਹੈਲਥ ਆਰਗੈਨਾਈਜ਼ੇਸ਼ਨ ਨੇ 31 ਜਨਵਰੀ ਨੂੰ ਕੋਰੋਨਾਵਾਈਰਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਕੀਤਾ ਹੈ।