ਲੁਧਿਆਣਾ: ਅੰਮ੍ਰਿਤਸਰ ਵਿੱਚੋਂ ਫੜੀ ਗਈ 1000 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਕਈ ਸਿਆਸੀ ਲੀਡਰਾਂ ਦਾ ਵੀ ਨਾਂ ਮਾਮਲੇ ਵਿੱਚ ਬੋਲਣ ਲੱਗਾ ਹੈ। ਇਸ ਤੋਂ ਇਲਾਵਾ ਇਸ 1000 ਕਰੋੜ ਡਰੱਗ ਕੇਸ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜਦੇ ਜਾ ਰਹੇ ਹਨ। ਬੇਸ਼ੱਕ ਜਾਂਚ ਅਜੇ ਜਾਰੀ ਹੈ ਤੇ ਕਈ ਖੁਲਾਸੇ ਹੋਣੇ ਬਾਕੀ ਹਨ ਪਰ ਸਿਆਸੀ ਪਾਰਟੀਆਂ ਇੱਕ-ਦੂਜੇ ਦੇ ਪੋਤੜੇ ਫੋਲ੍ਹਣ ਲੱਗੀਆਂ ਹਨ।


ਉਧਰ ਲੋਕ ਇਨਸਾਫ਼ ਪਾਰਟੀ ਨੇ ਵੱਡੇ ਸਵਾਲ ਉਠਾਏ ਹਨ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਐਸਟੀਐਫ਼ ਵੱਲੋਂ ਅੰਮ੍ਰਿਤਸਰ ਵਿੱਚ 1000 ਕਰੋੜ ਰੁਪਏ ਦੀ ਜ਼ਬਤ ਕੀਤੀ ਹੈਰੋਇਨ ਦੇ ਮਾਮਲੇ ਵਿੱਚ ਕੋਠੀ ਦੇ ਮਾਲਕ ਦੀ ਸ਼ਮੂਲੀਅਤ ਸੀ। ਬੈਂਸ ਨੇ ਨਾਲ ਹੀ ਇਸ ਮਾਮਲੇ ਦੇ ਤਾਰ ਅਕਾਲੀ ਲੀਡਰ ਬਿਕਰਮ ਮਜੀਠੀਆ ਨਾਲ ਜੋੜ ਦਿੱਤੇ ਹਨ।

ਉਨ੍ਹਾਂ ਨੇ ਜਿਸ ਕੋਠੀ ਵਿੱਚ ਨਸ਼ਾ ਫੈਕਟਰੀ ਚਲਦੀ ਸੀ, ਉਸ ਦੇ ਮਾਲਕ ਅਨਵਰ ਮਸੀਹ ਦੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰਾਂ ਨੂੰ ਜਨਤਕ ਕੀਤਾ ਹੈ। ਬੈਂਸ ਨੇ ਦੋਸ਼ ਲਾਏ ਹਨ ਕਿ ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਕੋਠੀ ਮਾਲਕ ਨਸ਼ਾ ਮਾਫ਼ੀਆ ਦਾ ਸਰਗਨਾ ਹੈ। ਇਸ ਮਾਮਲੇ ਦੀ ਤੁਰੰਤ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਏ।

ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੱਜੀ ਬਾਂਹ ਮੰਨੇ ਜਾਣ ਵਾਲੇ ਅਨਵਰ ਮਸੀਹ ਦੀ ਕੋਠੀ ਵਿੱਚੋਂ ਸ਼ਰੇਆਮ ਨਸ਼ਾ ਤੇ ਨਸ਼ਾ ਮਾਫੀਆ ਦੇ ਕਰਿੰਦੇ ਫੜੇ ਗਏ ਹਨ ਪਰ ਕੈਪਟਨ ਸਰਕਾਰ ਨੇ ਕੋਠੀ ਦੇ ਮਾਲਕ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਦਿਲਚਸਪ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਕੋਠੀ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਦੀ ਗ੍ਰਿਫ਼ਤਾਰੀ ਬਾਰੇ ਸਪਸ਼ਟ ਨਹੀਂ ਹੋਇਆ। ਪੁਲਿਸ ਨੇ ਸਿਰਫ ਇੰਨਾ ਆਖਿਆ ਕਿ ਉਸ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ।

ਦੱਸ ਦਈਏ ਕਿ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਬੀਤੇ ਦਿਨ ਪਿੰਡ ਸੁਲਤਾਨਵਿੰਡ ਦੀ ਕਲੋਨੀ ਸਥਿਤ ਘਰ ਵਿੱਚੋਂ 450 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਜਿਸ ਵਿੱਚ 188 ਕਿਲੋ ਹੈਰੋਇਨ ਸ਼ਾਮਲ ਸੀ। ਇਸ ਮਾਮਲੇ ਵਿਚ ਅਫਗਾਨ ਨਾਗਰਿਕ ਅਰਮਾਨ ਬਸ਼ਰਮੱਲ, ਜਿਮ ਕੋਚ ਸੁਖਵਿੰਦਰ ਸਿੰਘ, ਮੇਜਰ ਸਿੰਘ ਤੇ ਔਰਤ ਤਮੰਨਾ ਸ਼ਾਮਲ ਸਨ।

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਫਗਾਨ ਵਾਸੀ ਅਰਮਾਨ ਬਸ਼ਰਮੱਲ ਨੂੰ ਇਥੇ 188 ਕਿਲੋ ਹੈਰੋਇਨ ਨੂੰ ਹੋਰ ਨਸ਼ੀਲੇ ਪਦਾਰਥ ਮਿਲਾ ਕੇ 500 ਕਿਲੋ ਹੈਰੋਇਨ ਬਣਾਉਣ ਲਈ ਸੱਦਿਆ ਗਿਆ ਸੀ। ਇਹ 500 ਕਿਲੋ ਹੈਰੋਇਨ ਤਿਆਰ ਹੋਣ ਮਗਰੋਂ ਇਸ ਨੂੰ ਛੋਟੀਆਂ ਖੇਪਾਂ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਤੇ ਵਿਦੇਸ਼ ਵਿਚ ਵੇਚੇ ਜਾਣ ਦੀ ਯੋਜਨਾ ਸੀ। ਇਸ ਕੰਮ ਨੂੰ ਮੁਕੰਮਲ ਕਰਨ ਲਈ ਅਰਮਾਨ ਨੂੰ 3 ਕਰੋੜ ਰੁਪਏ ਦਿੱਤੇ ਜਾਣੇ ਸਨ।

ਇਸ ਮਾਮਲੇ ਵਿੱਚ ਕਾਂਗਰਸੀ ਆਗੂ ਦੇ ਬੇਟੇ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਨੌਜਵਾਨ ਸਾਹਿਲ ਦਾ ਨਾਂ ਸਾਹਮਣੇ ਆਇਆ ਹੈ ਜੋ ਕਾਂਗਰਸੀ ਆਗੂ ਦਾ ਲੜਕਾ ਹੈ ਤੇ ਫਰਾਰ ਹੈ। ਪੁਲੀਸ ਨੇ ਸਾਹਿਲ ਦੀਆਂ ਛੁਪਣਗਾਹਾਂ ਦਾ ਪਤਾ ਲਾਉਣ ਲਈ ਉਸ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ।