ਲੁਧਿਆਣਾ: ਇੱਥੇ ਸ਼ੁੱਕਰਵਾਰ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 48 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ‘ਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ (Infected people)  77 ਹੋ ਗਈ ਹੈ। ਦੱਸ ਦਈਏ ਕਿ ਡਿਪਾਰਟਮੈਂਟ ਫਾਰ ਫੈਮਿਲੀ ਵੈੱਲਫੇਅਰ ਪੰਜਾਬ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੇ ਅੱਜ 48 ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਚੋਂ 38 ਮਾਮਲੇ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਹਨ। ਇਨ੍ਹਾਂ ਸਾਰਿਆਂ ਦੇ ਸੈਂਪਲ ਬੁੱਧਵਾਰ ਨੂੰ ਲੈ ਗਏ ਸੀ। ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ।

ਪਰ ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਤੇ ਉਹ ਜਲਦ ਹੀ ਆਪਣੇ ਘਰ ਜਾ ਸਕਣਗੇ। ਉਨ੍ਹਾਂ ਦਾ ਇਲਾਜ ਡੀਐੱਮਸੀ ਵਿੱਚ ਚੱਲ ਰਿਹਾ ਸੀ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਦੁਬਾਰਾ ਡਿਊਟੀ ਜੁਆਇਨ ਕਰਨਗੇ ਅਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਦੂਸਰੀ ਰਿਪੋਰਟ ਆਉਣੀ ਅਜੇ ਬਾਕੀ ਹੈ।