ਨਵੀਂ ਦਿੱਲੀ: ਸੀਏਏ ਦੇ ਵਿਰੋਧ 'ਚ ਜਾਫਰਾਬਾਦ ਮੈਟਰੋ ਸਟੇਸ਼ਨ ਹੇਠ ਧਰਨੇ 'ਤੇ ਬੈਠੀਆਂ ਔਰਤਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਲਾਕੇ 'ਚ ਭਾਰੀ ਤਣਾਅ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ-ਸਵੇਰੇ ਮੌਜਪੁਰ ਇਲਾਕੇ 'ਚ ਪਥਰਾਅ ਹੋਇਆ। ਇੰਨਾਂ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਤੋਂ ਬਾਅਦ ਅਗਜ਼ਨੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ। ਕੱਲ੍ਹ ਹਿੰਸਕ ਪ੍ਰਦਰਸ਼ਨ 'ਚ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕਰੀਬ ਪੰਜਾਹ ਲੋਕ ਜ਼ਖਮੀ ਹਨ।


ਇੱਥੇ ਵੱਡੀ ਗਿਣਤੀ 'ਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਹੋਏ ਹਨ। ਨਾਲ ਹੀ ਪੁਲਿਸ ਦੇ ਜਵਾਨ ਵੀ ਮੌਜੂਦ ਹਨ। ਦਿੱਲੀ ਪੁਲਿਸ ਮੁਤਾਬਕ ਅਜੇ ਵੀ ਸਥਿਤੀਆਂ ਤਣਾਅਪੂਰਨ ਬਣੀਆਂ ਹੋਈਆਂ ਹਨ। ਉਨ੍ਹਾਂ ਨੂੰ ਲਗਾਤਾਰ ਨਾਰਥ ਇਸਟ ਦਿੱਲੀ ਤੋਂ ਹਿੰਸਾ ਦੀਆਂ ਘਟਨਾਂਵਾਂ ਸੰਬੰਧੀ ਕਾਲ ਆ ਰਹੇ ਹਨ। ਹਿੰਸਾ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਨੇ ਕੱਲ੍ਹ ਰਾਤ ਸੀਲਮਪੁਰ ਡੀਸੀਪੀ ਦਫਤਰ 'ਚ ਇੱਕ ਬੈਠਕ ਕੀਤੀ ਹੈ।

ਉੱਤਰ ਪੁਰਬੀ ਦਿੱਲੀ ਦੇ ਜਾਫਰਾਬਾਦ 'ਚ ਸ਼ੁਰੂ ਹੋਏ ਦੰਗਿਆਂ ਨੂੰ ਕਾਬੂ ਕਰਨ ਲਈ ਉੱਚ ਪੱਧਰੀ ਮੰਥਨ ਸ਼ੁਰੂ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਮਾਮ ਆਲਾ ਹੁਕਮਰਾਨਾਂ ਨੂੰ ਇਹ ਐਮਰਜੇਂਸੀ ਬੈਠਕ 'ਚ ਤਲਬ ਕੀਤਾ ਹੈ।