ਪਟਿਆਲਾ: ਪਟਿਆਲਾ ਦੇ ਪਿੰਡ ਬੱਲਦ ਕਲਾਂ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਖਾਲਿਸਤਾਨ ਸਮਰਥਕਾਂ ਦੇ ਨਾਂ 'ਤੇ 50 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ। ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪੈਸੇ ਨਾ ਦੇਣ 'ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਪੱਤਰ ਭੇਜਿਆ ਗਿਆ ਹੈ। ਇਸ ਵਿੱਚ ਲਿਖਿਆ ਹੈ ਕਿ ਪੈਸਾ ਦਿਓ, ਤੁਹਾਨੂੰ ਉੱਚ ਰੈਂਕ ਵੀ ਦਿੱਤਾ ਜਾਵੇਗਾ, ਨਹੀਂ ਤਾਂ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

ਐਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਦੀ ਸ਼ਿਕਾਇਤ 28 ਜਨਵਰੀ ਨੂੰ ਮਿਲੀ ਸੀ। ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੇ ਗੁਰਦੇਵ ਸਿੰਘ (35) ਨਿਵਾਸੀ ਬੱਲਦ ਕਲਾਂ ਤੇ ਚਮਨਪ੍ਰੀਤ ਸਿੰਘ ਉਰਫ ਮਨੀ (32) ਵਾਸੀ ਜੁਝਾਰ ਨਗਰ ਨੂੰ 48 ਘੰਟਿਆਂ 'ਚ ਗ੍ਰਿਫ਼ਤਾਰ ਕਰ ਲਿਆ। ਇਹ ਡਰਾਈਵਰ ਦੱਸੇ ਜਾ ਰਹੇ ਹਨ।

ਸ਼ਿਕਾਇਤਕਰਤਾ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਨੌਕਰ ਨੂੰ ਦਸੰਬਰ 'ਚ ਪੱਤਰ ਸੌਂਪਿਆ ਗਿਆ ਸੀ। ਇਸ ਵਿੱਚ 50 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ 'ਚ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਸ਼ਾਮਲ ਹੈ। ਦੋ ਵਾਰ ਫ਼ੋਨ ਵੀ ਆਇਆ ਸੀ। ਆਖਰੀ ਫੋਨ ਕਾਲ 20 ਜਨਵਰੀ ਨੂੰ ਆਇਆ, ਜਿਸ 'ਚ ਕਿਹਾ ਗਿਆ ਸੀ ਕਿ ਤੁਸੀਂ ਪੈਸੇ ਨਹੀਂ ਅਦਾ ਕਰੋਗੇ ਤਾਂ ਅੰਜ਼ਾਮ ਭੁਗਤੋਗੇ। ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਮੁਲਜ਼ਮਾਂ 'ਤੇ ਕਰਜ਼ਾ ਸੀ। ਬੈਂਕ ਕਰਮਚਾਰੀ ਉਸ ਦੇ ਘਰ ਜਾਂਦੇ ਸੀ ਜਦੋਂ ਕਿ ਦੋਵੇਂ ਮੁਲਜ਼ਮ ਪਹਿਲਾਂ ਸਨੌਰ 'ਚ ਟੈਕਸੀ ਚਲਾਉਂਦੇ ਸੀ। ਗੁਰਦੀਪ ਦੇ ਨੌਕਰ ਵਿਜੇ ਕੁਮਾਰ ਨੂੰ ਰਸਤੇ 'ਚ ਇੱਕ ਪੈਕੇਟ ਫੜ ਕੇ ਮਾਲਕ ਨੂੰ ਦੇ ਦਿੱਤਾ, ਜਿਸ 'ਚ ਫਿਰੌਤੀ ਦੀ ਮੰਗ ਕੀਤੀ ਗਈ ਸੀ।


ਐਸਪੀ ਸਿਟੀ ਵਰੁਣ ਸ਼ਰਮਾ ਨੇ ਖਾਲਿਸਤਾਨ ਦੇ ਨਾਂ ‘ਤੇ ਮੰਗੀ ਗਈ ਫਿਰੌਤੀ ‘ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਮੁਲਜ਼ਮ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਹਨ। ਇਸ ਤੋਂ ਬਾਅਦ ਸ਼ਿਕਾਇਤ ਦੇ ਅਧਾਰ ‘ਤੇ ਕਾਰਵਾਈ ਕੀਤੀ ਗਈ ਹੈ।