ਲਾਸ ਏਂਜਲਸ: ਅਮਰੀਕਾ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਆ ਰਹੀ ਹੈ। ਲਾਸ ਏਂਜਲਸ 'ਚ ਮੰਗਲਵਾਰ ਵਿੱਚ ਇੱਕ ਜਹਾਜ਼ ਦਾ ਜੈੱਟ ਫਿਊਲ ਸਕੂਲ 'ਚ ਡਿੱਗ ਗਿਆ। ਇਸ ਦੀ ਚਪੇਟ 'ਚ ਆਉਣ ਨਾਲ ਘੱਟੋ-ਘੱਟ 60 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਲਾਸ ਏਂਜਲਸ ਏਅਰਪੋਰਟ ਵਾਪਸ ਪਰਤ ਰਿਹਾ ਸੀ। ਜੈੱਟ ਤੇਲ ਦੇ ਡਿੱਗਣ ਕਰਕੇ 6 ਸਕੂਲ ਇਸ ਹਾਦਸੇ ਦਾ ਸ਼ਿਕਾਰ ਹੋਏ।


ਹਾਦਸੇ ਦਾ ਸ਼ਿਕਾਰ ਹੋਏ 6 ਵਿੱਚੋਂ 5 ਸਕੂਲ ਪ੍ਰਾਇਮਰੀ ਸਕੂਲ ਹਨ, ਜਦੋਂਕਿ ਇੱਕ ਹਾਈ ਸਕੂਲ ਹੈ। ਇਸ ਹਾਦਸੇ 'ਚ ਹੁਣ ਤੱਕ ਕਈ ਬੱਚਿਆਂ ਸਣੇ ਕੁੱਲ 60 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਲਾਸ ਏਂਜਲਸ ਕਾਉਂਟੀ ਫਾਇਰ ਵਿਭਾਗ ਦੇ ਇੰਸਪੈਕਟਰ ਸੀਨ ਫਰਗੂਸਨ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਵਿਭਾਗ ਮੁਤਾਬਕ ਜੈੱਟ ਦਾ ਤੇਲ ਡਿੱਗਣ ਕਾਰਨ ਸਭ ਤੋਂ ਵੱਧ ਨੁਕਸਾਨ ਕੁਡਾਹੀ ਦੇ ਪਾਰਕ ਐਵੀਨਿਉ ਐਲੀਮੈਂਟਰੀ ਸਕੂਲ ਨੂੰ ਹੋਇਆ ਹੈ। ਇਸ ਸਕੂਲ ਦੇ 20 ਬੱਚੇ ਤੇ 11 ਲੋਕਾਂ ਦੇ ਸੱਟਾਂ ਲੱਗੀਆਂ ਹਨ। ਇਹ ਸਕੂਲ ਹਵਾਈ ਅੱਡੇ ਤੋਂ 19 ਮੀਲ ਪਹਿਲਾਂ ਹੈ। ਬੱਚੇ ਸਕੂਲਾਂ 'ਚ ਖੇਡ ਰਹੇ ਸੀ, ਉਸੇ ਸਮੇਂ ਉਨ੍ਹਾਂ 'ਤੇ ਜੈੱਟ ਦਾ ਤੇਲ ਡਿੱਗ ਗਿਆ।