ਫਤਹਿਗੜ੍ਹ ਸਾਹਿਬ: ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ’ਤੇ ਸਰਹਿੰਦ ’ਚ ਫਲਾਈ ਓਵਰ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਵਿਸ਼ਾਲ ਹੈ ਜੋ ਕਿ ਕੈਨੇਡਾ ’ਚ ਪੀਅਰ ਹੈ। ਉਸ ਦੀ ਰਾਜਿੰਦਰਾ ਹਸਪਤਾਲ ’ਚ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਹਾਦਸੇ ’ਚ ਮੋਹਿਤ ਰਾਠੀ ਵਾਸੀ ਕਰਨਾਲ ਦੀ ਸ਼ਨੀਵਾਰ ਰਾਤ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਐਤਵਾਰ ਬਾਅਦ ਦੁਪਹਿਰ ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ।
ਸ਼ਨੀਵਾਰ ਰਾਤ ਇਨੋਵਾ ਕਾਰ ਰਾਹੀਂ ਉਕਤ ਦੋਨੋਂ ਅੰਮ੍ਰਿਤਸਰ ਤੋਂ ਕਰਨਾਲ ਵਾਪਸ ਜਾ ਰਹੇ ਸਨ। ਜਿਵੇਂ ਉਹ ਸਰਹਿੰਦ ਜੀਟੀ ਰੋਡ ਦੇ ਫਲਾਈਓਵਰ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਕੇ ਫਲਾਈਓਵਰ ਤੋਂ ਹੇਠਾਂ ਸਰਵਿਸ ਲਾਈਨ ’ਤੇ ਆ ਡਿਗੀ ਸੀ। ਪੁਲਿਸ ਨੂੰ ਦਿੱਤੇ ਬਿਆਨ ’ਚ ਵਿਸ਼ਾਲ ਦੇ ਪਿਤਾ ਦੀਪਕ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਸ਼ਾਲ ਅਤੇ ਜਵਾਈ ਮੋਹਿਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕਣ ਤੋਂ ਬਾਅਦ ਕਰਨਾਲ ਵਾਪਸ ਆ ਰਹੇ ਸਨ।
ਸਰਹਿੰਦ ਫਲਾਈਓਵਰ ’ਤੇ ਚੱਲ ਰਹੇ ਰਿਪੇਅਰ ਦੇ ਕੰਮ ਕਾਰਨ ਬਣੇ ਖੱਡੇ ਕਾਰਨ ਕਾਰ ਬੇਕਾਬੂ ਹੋ ਕੇ ਪੁਲ ਤੋਂ ਸਰਵਿਸ ਰੋਡ ’ਤੇ ਡਿਗੀ। ਉਨ੍ਹਾਂ ਠੇਕੇਦਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨੈਸ਼ਨਲ ਹਾਈਵੇ ’ਤੇ ਚੱਲ ਰਹੇ ਕੰਮ ਦੌਰਾਨ ਕੋਈ ਚੇਤਾਵਨੀ ਬੋਰਡ ਵੀ ਨਹੀਂ ਲਗਾਇਆ ਹੋਇਆ ਸੀ। ਇਸੇ ਕਾਰਨ ਹਾਦਸੇ ’ਚ ਦੋਨਾਂ ਦੀ ਮੌਤ ਹੋ ਗਈ।
ਪੁਲਿਸ ਨੇ ਦੀਪਕ ਦੇ ਬਿਆਨ ’ਤੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜਾਣਕਾਰੀ ਮੁਤਾਬਿਕ ਵਿਸ਼ਾਲ ਜੋ ਕਿ ਕੈਨੇਡਾ ’ਚ ਪੀਅਰ ਹੈ, ਪਿਛਲੇ ਮਹੀਨੇ ਫਰਵਰੀ ਦੇ ਅੰਤ ’ਚ ਭਾਰਤ ਆਇਆ ਸੀ। ਇਸੇ ਦੌਰਾਨ 15 ਮਾਰਚ ਨੂੰ ਉਸ ਦੀ ਰਿੰਗ ਸੈਰੇਮਨੀ ਜਲੰਧਰ ’ਚ ਹੋਈ ਸੀ ਅਤੇ ਕੁਝ ਦਿਨਾਂ ’ਚ ਕੈਨੇਡਾ ਜਾਣਾ ਸੀ।