ਸਮਰਾਲਾ: ਕੈਪਟਨ ਦੀ ਸਰਕਾਰ ਵਲੋਂ ਇਕ ਹਫਤੇ 'ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਪੰਜਾਬ 'ਚ ਸਰਕਾਰ ਬਣਾਈ ਗਈ ਸੀ। ਉੱਥੇ ਹੀ 4 ਸਾਲ ਬੀਤ ਜਾਣ ਦੇ ਬਾਅਦ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਇਸੇ ਦਰਮਿਆਨ ਅੱਜ ਪੁਲਿਸ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਚਾਵਾਂ ਦਾ ਇਕ ਨੌਜਵਾਨ ਨਸ਼ੇ  ਦੀ ਭੇਟ ਚੜ੍ਹ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਕਿਸੇ ਨਿੱਜੀ ਟੀਵੀ ਚੈਨਲ 'ਚ ਕੰਮ ਕਰਦਾ ਸੀ। 2 ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਤੋਂ ਵਾਪਿਸ ਆਇਆ ਸੀ। 

 

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾ ਦੇ ਬਿਆਨਾਂ 'ਤੇ ਜਿਸ ਤੋਂ ਉਹ ਨਸ਼ਾ ਲੈ ਕੇ ਆਇਆ ਸੀ, ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਹਰਿੰਦਰ ਸਿੰਘ ਦੇ ਪਿਤਾ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2 ਦਿਨ ਪਹਿਲਾਂ ਹੀ ਉਨ੍ਹਾਂ ਦਾ ਪੁੱਤਰ ਨਸ਼ਾ ਛਡਾਊ ਕੇਂਦਰ 'ਚੋਂ ਬਹਾਰ ਆਇਆ ਸੀ। ਅੱਜ ਪਿੰਡ ਦੇ ਹੀ ਇਕ ਲੜਕੇ ਤੋਂ ਉਸ ਨੇ ਲੈ ਕੇ ਨਸ਼ੇ ਦੀ ਓਵਰ ਡੋਜ਼ ਲੈ ਲਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ। ਪਰ ਪੁਲਿਸ ਦੀਆਂ ਅੱਖਾਂ 'ਤੇ ਪੜਦਾ ਪਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪਿੰਡ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਭਤੀਜੇ ਤੋਂ ਨਸ਼ਾ ਲਿਆ ਸੀ। ਜਿਸ 'ਤੇ ਪਰਚਾ ਵੀ ਦਰਜ ਹੋ ਗਿਆ।

 

ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋਂ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ 'ਤੇ ਕਾਰਵਾਈ ਕਰਨ ਨੂੰ ਕਿਹਾ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਰਕੇ ਨਸ਼ੇ 'ਤੇ ਕੰਟਰੋਲ ਨਹੀਂ ਹੋ ਰਿਹਾ। ਐਸਐਚ ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਨੂੰ ਪਤਾ ਲੱਗਿਆ ਸੀ ਇਕ ਨੌਜਵਾਨ ਹਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਮੈਂਬਰਾਂ ਦੇ ਕਹਿਣ 'ਤੇ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਜਿਸ ਤੋਂ ਇਹ ਨਸ਼ਾ ਲੈ ਕੇ ਆਇਆ ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।