ਨਿਊਯਾਰਕ: ਕੌਮਾਂਤਰੀ ਸਬੰਧਾਂ ਦੇ ਮਾਹਿਰਾਂ ਦੇ ਇੱਕ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡੇਨ 2020 ਦੀ ਚੋਣ ਜਿੱਤਦੇ ਹਨ, ਤਾਂ ਵਿਦੇਸ਼ੀ ਸਰਕਾਰਾਂ ਡੋਨਾਲਡ ਟਰੰਪ ਦੇ ਮੁਕਾਬਲੇ ਅਮਰੀਕਾ ਨਾਲ ਸਹਿਯੋਗ ਵਧਾਉਣ ਲਈ ਵਧੇਰੇ ਇੱਛੁਕ ਹੋਣਗੀਆਂ। ਇਸ ਦਾ ਦੂਜਾ ਮਤਲਬ ਇਹੋ ਕੱਢਿਆ ਜਾ ਸਕਦਾ ਹੈ ਕਿ ‘ਜੇ ਟਰੰਪ ਹਾਰ ਗਏ, ਤਾਂ ਦੁਨੀਆ ਦੇ ਬਹੁਤੇ ਦੇਸ਼ ਖ਼ੁਸ਼ ਹੋਣਗੇ।’ ਇੱਥੇ ਵਰਨਣਯੋਗ ਹੈ ਕਿ ਅਮਰੀਕਾ ’ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਤੈਅ ਹਨ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜੋਅ ਬਾਇਡੇਨ ਆਹਮੋ-ਸਾਹਮਣੇ ਹਨ।

ਅਮਰੀਕੀ ਯੂਨੀਵਰਸਿਟੀਜ਼ ’ਚ ਕੌਮਾਂਤਰੀ ਸਬੰਧਾਂ ਦੇ 708 ਵਿਦਵਾਨਾਂ ਦੀ ਸਿਖਲਾਈ, ਖੋਜ ਤੇ ਕੌਮਾਂਤਰੀ ਨੀਤੀ (TRIP) ਸਰਵੇਖਣ ’ਚ ਪਾਇਆ ਗਿਆ ਕਿ ਇਨ੍ਹਾਂ ਮਾਹਿਰਾਂ ਦੇ ਰਾਸ਼ਟਰਪਤੀ ਵਜੋਂ ਟਰੰਪ ਦੇ ਮੁਕਾਬਲੇ ਬਾਇਡੇਨ ਦੀ ਹਮਾਇਤ ਕਰਨ ਦੀ ਵਧੇਰੇ ਸੰਭਾਵਨਾ ਹੈ। ਨਾਲ ਹੀ ਉਹ ਇਸ ਗੱਲ ਲਈ ਵੀ ਸਹਿਮਤ ਹਨ ਕਿ ਬਾਇਡੇਨ ਆਪਣੀ ਵਿਦੇਸ਼ ਨੀਤੀ ਦਾ ਏਜੰਡਾ ਹਾਸਲ ਕਰਨ ਵਿੱਚ ਬਿਹਤਰ ਪ੍ਰਦਰਸ਼ਨ ਕਰਨਗੇ।

ਪਰਾਲੀ ਸਾੜਨ ਖਿਲਾਫ ਮੋਦੀ ਸਰਕਾਰ ਲਿਆਏਗੀ ਆਰਡੀਨੈਂਸ, ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ

ਸਰਵੇਖਣ ’ਚ ਪਾਇਆ ਗਿਆ ਕਿ ਖ਼ੁਦ ਨੂੰ ਰੀਪਬਲਿਕਨ ਤੇ ਆਜ਼ਾਦ ਦੱਸਣ ਵਾਲੇ ਮਾਹਿਰ ਵਿਦੇਸ਼ ਨੀਤੀ ਨੂੰ ਲੈ ਕੇ ਟਰੰਪ ਦੇ ਦ੍ਰਿਸ਼ਟੀਕੋਣ ਉੱਤੇ ਸ਼ੱਕ ਕਰਦੇ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਵਿਦੇਸ਼ੀ ਸਰਕਾਰਾਂ ਟਰੰਪ ਦੇ ਮੁਕਾਬਲੇ ਬਾਇਡੇਨ ਦੇ ਚੋਣ ਜਿੱਤਣ ਉੱਤੇ ਅਮਰੀਕਾ ਨਾਲ ਸਹਿਯੋਗ ਵਧਾਉਣ ਦੇ ਵੱਧ ਇੱਛੁਕ ਹੋਣਗੀਆਂ। ਉਨ੍ਹਾਂ ਵਿੱਚੋਂ 92 ਫ਼ੀ ਸਦੀ ਨੇ ਇਸ ਮਾਮਲੇ ’ਚ ਬਾਇਡੇਨ ਦਾ ਸਮਰਥਨ ਕੀਤਾ, ਜਦ ਕਿ ਸਿਰਫ਼ ਦੋ ਫ਼ੀ ਸਦੀ ਲੋਕਾਂ ਨੇ ਟਰੰਪ ਦੀ ਹਮਾਇਤ ਕੀਤੀ।

ਉੱਧਰ 95 ਫ਼ੀ ਸਦੀ ਮਾਹਿਰ ਇਸ ਗੱਲ ’ਤੇ ਸਹਿਮਤ ਦਿਸੇ ਕਿ ਬਾਇਡੇਨ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਵਧੇਰੇ ਪ੍ਰਭਾਵੀ ਰਾਸ਼ਟਰਪਤੀ ਹੋਣਗੇ। ਉੱਧਰ ਸਿਰਫ਼ ਪੰਜ ਫ਼ੀ ਸਦੀ ਲੋਕਾਂ ਨੇ ਹੀ ਟਰੰਪ ਨੂੰ ਇਸ ਦੇ ਸਮਰੱਥ ਮੰਨਿਆ। ਸਰਵੇਖਣ ’ਚ ਕਿਹਾ ਗਿਆ ਹੈ ਕਿ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀਆਂ ਚਿੰਤਾਵਾਂ ਦੇ ਬਾਵਜੂਦ ਜ਼ਿਆਦਾਤਰ ਵਿਦਵਾਨਾਂ ਨੂੰ ਭਰੋਸਾ ਹੈ ਕਿ ਰੂਸ, ਈਰਾਨ ਤੇ ਚੀਨ ਚੋਣਾਂ ਦੇ ਨਤੀਜੇ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਨਗੇ।