ਅੰਮ੍ਰਿਤਸਰ: ਉੱਤਰੀ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ 'ਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋਂ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਬਰਦਸਤ ਠੰਡ , ਧੰਦ ਤੇ ਕੌਰੇ ਨਾਲ ਜਿੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਲੋਕ ਪਰੇਸ਼ਾਨ ਹਨ, ਉੱਥੇ ਹੀ ਅੰਮ੍ਰਿਤਸਰ ਆਉਣ ਵਾਲੇ ਸੈਲਾਨੀ ਵੀ ਇਸ ਤੋਂ ਨਹੀਂ ਬਚ ਸਕੇ।


ਅੱਜ ਹੈਰੀਟੇਜ ਸਟ੍ਰੀਟ 'ਤੇ ਕਾਫ਼ੀ ਧੁੰਦ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਸਾਰਾ ਇਲਾਕਾ ਸੰਘਣੀ ਧੁੰਦ ਦੀ ਚਿੱਟੀ ਚਾਦਰ ਹੇਠ ਢੱਕਿਆ ਰਿਹਾ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਰਦੀ ਅਤੇ ਧੁੰਦ ਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਇੱਕ ਤੋਂ ਦੂਸਰੀ ਥਾਂ ਜਾਣ 'ਚ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਗੱਡੀ ਦੀ ਥਾਂ ਉਹ ਬਸ ਤੋਂ ਆਏ ਹਨ ਤਾਂ ਜੋ ਸੁਰੱਖਿਅਤ ਸਫ਼ਰ ਕਰ ਸਕਣ।

ਨਾਲ ਹੀ ਲੋਕਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਹੌਲ਼ੀ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਦਿਨ-ਦਿਹਾੜੇ ਆਪਣੇ ਵਾਹਨਾਂ ਦੀਆਂ ਬੱਤੀਆਂ ਚਲਾ ਕੇ ਡਰਾਈਵਿੰਗ ਕਰਨੀ ਪਈ ਤੇ ਜ਼ਿਆਦਾਤਰ ਵਾਹਨਾਂ ਦੀ ਰਫ਼ਤਾਰ ਨੂੰ ਬਰੇਕਾਂ ਲਾਈ ਰੱਖੀਆਂ ਗਈਆਂ।