ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟ ਪਾਉਣ ਤੋਂ ਸਿਰਫ 10 ਦਿਨ ਪਹਿਲਾਂ ਅੱਜ ਨਵੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸਦੇ ਨਾਲ ਹੀ, ਪ੍ਰਚਾਰ ਲਈ ਇੱਕ ਨਵਾਂ ਨਾਅਰਾ ਲਾਂਚ ਕੀਤਾ ਜਾਵੇਗਾ - ਮੇਰੀ ਵੋਟ ਕੰਮ ਲਈ, ਸਿੱਧੇ ਕੇਜਰੀਵਾਲ ਨੂੰ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਇਹ ਮੁਹਿੰਮ ਭਾਜਪਾ ਦੇ ਨਾਗਰਿਕਤਾ ਕਾਨੂੰਨ ਅਤੇ ਸ਼ਾਹੀਨ ਬਾਗ ਵਰਗੇ ਮੁੱਦਿਆਂ ਦਾ ਜਵਾਬ ਹੋਵੇਗੀ।
ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਗਲੇ 7 ਦਿਨਾਂ 'ਚ ਕੇਜਰੀਵਾਲ ਦੇ ਰਿਪੋਰਟ ਕਾਰਡ ਅਤੇ ਗਰੰਟੀ ਕਾਰਡ ਦਿੱਲੀ ਦੇ 50 ਲੱਖ ਘਰਾਂ 'ਚ ਲੈ ਜਾਣਗੇ। ਇਹ ਵਰਕਰ ਦੱਸਣਗੇ ਕਿ ਕੇਜਰੀਵਾਲ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਕੀ ਕੀਤਾ ਅਤੇ ਕੇਜਰੀਵਾਲ ਸਰਕਾਰ ਆਉਣ ਵਾਲੇ 5 ਸਾਲਾਂ 'ਚ ਕੀ ਕਰੇਗੀ।
ਇਸ ਦੇ ਨਾਲ ਹੀ ਪਾਰਟੀ ਮੁਤਾਬਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਿੱਲੀ ਦੇ ਲੋਕ ਕੇਜਰੀਵਾਲ ਦੁਆਰਾ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੇਖ ਕੇ ਵੋਟ ਪਾਉਣ। ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਜਿੱਤ ਹਾਸਲ ਕੀਤੀ ਹੈ। 11 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਗਿਣੀਆਂ ਜਾਣਗੀਆਂ।