ਚੰਡੀਗੜ੍ਹ: ਪੰਜਾਬ (Punjab) ਕਾਂਗਰਸ ਪ੍ਰਧਾਨ ਸੁਨੀਲ ਜਾਖੜ (Sunil Jakhar) ‘ਤੇ ਆਪ, ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਚੰਡੀਗੜ੍ਹ ‘ਚ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਸੁਨੀਲ ਜਾਖੜ ਲਈ ਕਿਹਾ, “ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ (ਅਬੋਹਰ ਤੋਂ ਗੁਰਦਾਸਪੁਰ) ਲੋਕਾਂ ਵੱਲੋਂ ਹਰਾ ਕੇ ਨਕਾਰੇ ਜਾ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ (Congress) ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਕੁਰਸੀ ਵੀ ਖ਼ਤਰੇ ‘ਚ ਹੈ। ਸਰਕਾਰ ‘ਚ ਲਗਾਤਾਰ ਘੱਟ ਰਹੀ ਵੁੱਕਤ ਤੋਂ ਪਰੇਸ਼ਾਨ ਸੁਨੀਲ ਜਾਖੜ ਬੁਰੀ ਤਰਾਂ ਬੁਖਲਾ ਚੁੱਕੇ ਹਨ। ਆਪਣੀ ਖਿਸਕਦੀ ਜਾ ਰਹੀ ਜ਼ਮੀਨ ਅਤੇ ਮਾਫ਼ੀਆ ਅੱਗੇ ਨਿਲਾਮ ਹੋਈ ਮਰੀ ਜ਼ਮੀਰ ਨੂੰ ਜਿੰਦਾ ਦਿਖਾਉਣ ਲਈ ਸੁਨੀਲ ਜਾਖੜ ਨੇ ਪੰਜਾਬ ਅਤੇ ਪੰਜਾਬੀਆਂ ਦਰਪੇਸ਼ ਮੁੱਦੇ ਛੱਡ ਕੇ ਦਿੱਲੀ ਸਰਕਾਰ ਦੇ ਅਫ਼ਸਰਾਂ ਵੱਲੋਂ ਹੋਈ ਚੂਕ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨ ਦੀ ਗੈਰ ਜਿੰਮੇਦਾਰਨਾ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਵਿਰੁੱਧ ਕੀਤੀ ਇਸ ਘਟੀਆ ਸ਼ਰਾਰਤ ਲਈ ਜਾਖੜ ਨੂੰ ਮੁਆਫ਼ੀ ਮੰਗਣੀ ਪਵੇਗੀ।"

ਸੁਨੀਲ ਜਾਖੜ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਟਵਿੱਟਰ ਰਾਹੀਂ ਉਸ ਟਿੱਪਣੀ ਨੂੰ 'ਆਪ' ਨੇ ਇਹ ਤਿੱਖਾ ਪਲਟਵਾਰ ਕੀਤਾ। ਜਿਸ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਵੱਖਵਾਦੀ ਅਤੇ ਦੇਸ਼ ਵਿਰੋਧੀ ਦੱਸਿਆ ਸੀ।

ਹਰਪਾਲ ਸਿੰਘ ਚੀਮਾ ਨੇ ਪਾਰਟੀ ਨੇ ਸਪਸ਼ਟ ਕੀਤਾ ਕਿ ਜਿਸ ਇਸ਼ਤਿਹਾਰ ਨੂੰ ਲੈ ਕੇ ਜਾਖੜ ਊਟ-ਪਟਾਂਗ ਟਿੱਪਣੀਆਂ ਕਰ ਰਹੇ ਹਨ, ਦਿੱਲੀ ਸਰਕਾਰ ਨੇ ਮਾਮਲਾ ਧਿਆਨ 'ਚ ਆਉਣ ਸਾਰ ਨਾ ਕੇਵਲ ਉਹ ਇਸ਼ਤਿਹਾਰ ਵਾਪਸ ਲਿਆ ਸਗੋਂ ਸਬੰਧਿਤ ਅਧਿਕਾਰੀ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੀਮਾ ਨੇ ਜਾਖੜ ਨੂੰ ਪੁੱਛਿਆ ਕਿ ਜੇਕਰ ਆਮ ਆਦਮੀ ਪਾਰਟੀ ਦਾ ਪਿਛੋਕੜ ਦੇਸ਼ ਵਿਰੋਧੀ ਹੈ ਤਾਂ ਸਾਢੇ ਤਿੰਨ ਸਾਲਾਂ ਦੇ ਕਾਂਗਰਸੀ ਕਾਰਜਕਾਲ ਦੌਰਾਨ 'ਆਪ' ਦੇ ਆਗੂਆਂ ਵਿਰੁੱਧ ਕੇਸ ਦਰਜ਼ ਕਿਉਂ ਨਹੀਂ ਕੀਤੇ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਦਾ ਜੋ ਹਾਲ ਅੱਜ ਸਭ ਦੇ ਸਾਹਮਣੇ ਹੈ, ਉਸ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਨਖਿੱਧ ਮੁੱਖ ਮੰਤਰੀ ਅਤੇ ਸੁਨੀਲ ਜਾਖੜ ਨੂੰ ਪੰਜਾਬ ਦਾ 'ਪੱਪੂ' ਸਾਬਤ ਕਰ ਦਿੱਤਾ ਹੈ।

ਸੁਨੀਲ ਜਾਖੜ 'ਤੇ ਸੂਬੇ ਦੇ ਮਾਫ਼ੀਆ ਅੱਗੇ ਆਪਣੀ ਜ਼ਮੀਰ ਵੇਚੇ ਜਾਣ ਦੇ ਦੋਸ਼ ਲਗਾਉਂਦੇ ਹੋਏ ਚੀਮਾ ਨੇ ਕਿਹਾ ਕਿ ਜਾਖੜ ਨੇ ਵੀ ਬਿਜਲੀ ਮਾਫ਼ੀਆ ਨਾਲ ਕੈਪਟਨ ਅਤੇ ਬਾਦਲਾਂ ਵਾਂਗ ਆਪਣੀ ਹਿੱਸਾ-ਪੱਤੀ ਤੈਅ ਕਰ ਲਈ ਹੈ, ਇਹੋ ਕਾਰਨ ਹੈ ਕਿ ਬਾਦਲਾਂ ਦੇ ਰਾਜ ਦੌਰਾਨ ਲੋਟੂ ਬਿਜਲੀ ਸਮਝੌਤਿਆਂ ਵਿਰੁੱਧ ਨਿੱਤ ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਜਾਖੜ ਆਪਣੀ ਸਰਕਾਰ ਆਉਣ 'ਤੇ ਚੁੱਪ ਹੋ ਗਏ।

ਇਸ ਤੋਂ ਪਹਿਲਾਂ ਚੀਮਾ ਨੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੋਨ ਰੱਖ ਕੇ ਹਾਕੀ ਖਿਡਾਰੀ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਚੀਮਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਵੀ ਦਿੱਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904