ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੇ ਮੀਤ ਹੇਅਰ ਨੂੰ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਮੀਤ ਹੇਅਰ ਨਾਲ ਤਿੰਨ ਸੂਬਾ ਵਾਇਸ ਪ੍ਰਧਾਨ ਵੀ ਲਾਏ ਗਏ ਹਨ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਐਤਵਾਰ ਨੂੰ ਇਨ੍ਹਾਂ ਨਵੀਆਂ ਨਿਯੁਕਤੀਆਂ ਦਾ ਰਸਮੀ ਐਲਾਨ ਕੀਤਾ ਹੈ।


ਇਸ ਮੁਤਾਬਕ ਮੀਤ ਹੇਅਰ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ, ਸ਼ੈਰੀ ਕਲਸੀ, ਜਗਦੀਪ ਸਿੰਘ ਸੰਧੂ ਤੇ ਹਰਮੰਦਰ ਸਿੰਘ ਸੰਧੂ ਨੂੰ ਸੂਬਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨੌਜਵਾਨ ਆਗੂ ਸ਼ੈਰੀ ਕਲਸੀ ਬਟਾਲਾ ਨਾਲ ਸਬੰਧਿਤ ਪਾਰਟੀ ਲਈ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਦੁਆਬੇ ਦੀ ਸਰਜਮੀ ਨਾਲ ਸਬੰਧਤ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦੇ ਨੌਜਵਾਨ ਸਰਪੰਚ ਤੇ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਹਨ ਹਰਮਿੰਦਰ ਸਿੰਘ ਦੇ ਪਿਤਾ ਵੀ ਚੱਬੇਵਾਲ ਦੇ ਸਰਪੰਚ ਰਹਿ ਚੁੱਕੇ ਹਨ।




ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਜਗਦੀਪ ਸਿੰਘ ਸੰਧੂ ਦੇ ਨਾਮਵਾਰ ਨੌਜਵਾਨ ਆਗੂ ਹਨ। ਜਗਦੀਪ ਸਿੰਘ ਸੰਧੂ ਨੇ 2017 ਪਾਰਟੀ ਵੱਲੋਂ ਗਿੱਦੜਬਾਹਾ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 25300 ਵੋਟਾਂ ਹਾਸਲ ਕੀਤੀਆਂ ਸੀ। ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਕਿਹਾ ਕਿ ਮੀਤ ਹੇਅਰ ਅਤੇ ਤਿੰਨੋ ਵਾਇਸ ਪ੍ਰਧਾਨਾਂ ਦੀ ਅਗਵਾਈ ਹੇਠ ਪਾਰਟੀ ਦਾ ਨੌਜਵਾਨ ਵਿੰਗ ਨੌਜਵਾਨਾਂ, ਕਿਸਾਨਾਂ ਸਮੇਤ ਸਾਰੇ ਵਰਗਾਂ ਲਈ ਹਰ ਮੁਹਾਜ਼ 'ਤੇ ਡਟ ਕੇ ਲੜਾਈ ਲੜੇਗਾ ਤੇ ਪਾਰਟੀ ਦੀ ਰੀੜ ਦੀ ਹੱਡੀ ਵਜੋਂ ਪਾਰਟੀ ਨੂੰ ਨਵੀਆਂ ਬੁਲੰਦੀਆਂ ‘ਤੇ ਪੁੰਹਚਾਵੇਗਾ।