ਪਵਨਪ੍ਰੀਤ ਕੌਰ ਦੀ ਰਿਪੋਰਟ
ਪਟਿਆਲਾ/ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਨਵਜੋਤ ਸਿੱਧੂ ਕਿਸ ਹਾਲ 'ਚ ਹਨ ਇਹ ਸਭ ਦੇ ਸਾਹਮਣੇ ਹੈ ਪਰ ਪੰਜਾਬ ਦੇ ਉਖ ਮੰਤਰੀ ਇਹ ਨਹੀਂ ਮੰਨਦੇ ਕਿ ਨਵਜੋਤ ਸਿੱਧੂ ਨੂੰ ਪਾਰਟੀ 'ਚ ਇੱਕ ਕਿਨਾਰੇ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚੋਂ ਦਰਕਿਨਾਰ ਕੀਤਾ ਗਿਆ। ਇਸ ਨਾਲ ਸਬੰਧਤ ਸਵਾਲ ਦੇ ਜਵਾਬ ਵਿੱਚ ਚੁਟਕੀ ਲੈਂਦੀਆਂ ਕੈਪਟਨ ਕਿਹਾ ਕਿ “ਕਿਸ ਨੇ ਕਿਹਾ ਨਵਜੋਤ ਸਿੱਧੂ ਨੂੰ ਸਾਈਡਲਾਈਨ ਕੀਤਾ ਹੈ?”
ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਕਾਂਡ 'ਤੇ ਬੋਲਦਿਆਂ ਕਿਹਾ ਕਿ ਇਸ ਕੇਸ ਦਾ ਚਲਾਨ ਇਸ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਹਾਥਰਾਸ ਦੇ ਉਲਟ ਦੋਸ਼ੀਆਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਫੜਿਆ ਗਿਆ। ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਥਰਾਸ ਜਾਣਾ ਪਿਆ, ਪਰ ਹੁਸ਼ਿਆਰਪੁਰ ਆਉਣ ਦੀ ਜ਼ਰੂਰਤ ਨਹੀਂ ਪਈ।
ਉਨ੍ਹਾਂ ਕਿਹਾ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨੂੰ ਇੱਥੇ ਆਉਣ ਦੀ ਤਾਂ ਲੋੜ ਪੈਂਦੀ ਜੇਕਰ ਹਾਥਰਸ ਵਾਂਗ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਕਾਰਵਾਈ ਨਾ ਕੀਤੀ ਜਾਂਦੀ। ਇਨਫੋਰਸਮੈਂਟ ਵਿਭਾਗ (ਈਡੀ) ਵੱਲੋਂ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਤਲਬ ਕਰਨ ਬਾਰੇ ਪੁੱਛੇ ਜਾਣ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਏਜੰਸੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੰਮਨ ਜਾਰੀ ਕੀਤੇ।
ਖੇਤੀ ਕਨੂੰਨਾਂ 'ਤੇ ਅਕਾਲੀ ਦਲ ਨੂੰ ਘੇਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, "ਹਰ ਕੋਈ ਜਾਣਦਾ ਹੈ ਕਿ ਕੌਣ ਕਿਸ ਨਾਲ ਮਿਲੀਭੁਗਤ ਕਰ ਰਿਹਾ ਹੈ।" ਉਨ੍ਹਾਂ ਕਿਹਾ, “ਇਹ ਅਕਾਲੀ ਹੀ ਹਨ ਜੋ ਭਾਜਪਾ ਨਾਲ ਰਲੇ ਹੋਏ ਹਨ, ਉਨ੍ਹਾਂ ਨੇ ਦਬਾਅ ਹੇਠ ਐਨਡੀਏ ਛੱਡ ਦਿੱਤੀ ਪਰ ਫਿਰ ਵੀ ਮਿਲ ਕੇ ਕੰਮ ਕਰ ਰਹੇ ਹਨ,” ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਸਪੱਸ਼ਟ ਤੌਰ ‘ਤੇ ਕਿਸਾਨ ਵਿਰੋਧੀ ਆਰਡੀਨੈਂਸ ਦੀ ਸ਼ੁਰੂਆਤ 'ਚ ਸ਼ਾਮਲ ਸੀ ਤੇ ਕਨੂੰਨ ਬਣਾਉਣ ਵੇਲੇ ਕੈਬਨਿਟ ਮੰਤਰੀ ਸੀ। ਕੈਪਟਨ ਨੇ ਕਿਹਾ “ਅਕਾਲੀਆਂ ਨੇ ਕੀ ਕੀਤਾ? ਮੇਰੀ ਸਰਕਾਰ ਨੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਂਦੇ।”