ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਦਾ ਟਕਰਾਅ ਹੋਰ ਤਿੱਖਾ ਹੋਣ ਦੇ ਆਸਾਰ ਬਣ ਗਏ ਹਨ। ਇੰਨਾ ਸੰਘਰਸ਼ ਹੋਣ ਦੇ ਬਾਵਜੂਦ ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ ਸ਼ਨੀਵਰ ਨੂੰ ਮੁੜ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਏ ਜਾਣਗੇ। ਮੋਦੀ ਦੇ ਇਸ ਦਾਅਵੇ ਮਗਰੋਂ ਕਿਸਾਨਾਂ ਅੰਦਰ ਰੋਹ ਹੋਰ ਵਧ ਗਿਆ ਹੈ। ਕਿਸਾਨਾਂ ਨੇ ਮੋਦੀ ਦੇ ਇਸ ਸਟੈਂਡ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ।


ਕਿਸਾਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਬਲਦੀ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ। ਇਸ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਉਹ ਜਿੱਤ ਤੱਕ ਆਪਣੀ ਜੰਗ ਜਾਰੀ ਰੱਖਣਗੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਮਹੂਰੀਅਤ ਦਾ ਰਾਹ ਛੱਡ ਕੇ ਤਾਨਾਸ਼ਾਹੀ ਫੈਸਲੇ ਥੋਪ ਰਹੀ ਹੈ। ਇਸ ਲਈ ਹੁਣ ਦੇਸ਼ ਅੰਦਰ ਜਮਹੂਰੀਅਤ ਨੂੰ ਬਚਾਉਣ ਲਈ ਵੀ ਜੰਗ ਲੜਨੀ ਪਏਗੀ।

ਉਧਰ, ਮੋਦੀ ਤੇ ਬੀਜੇਪੀ ਲੀਡਰਾਂ ਦੀ ਬਿਆਨਬਾਜ਼ੀ ਮਗਰੋਂ ਕਿਸਾਨ ਅੱਜ ਦੁਸਹਿਰੇ ਮੌਕੇ ਬੀਜੇਪੀ ਲੀਡਰਾਂ ਦੇ ਪੁਤਲੇ ਫੂਕ ਕੇ ਮਨਾਉਣਗੇ। ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ, ਕਾਰਪੋਰੇਟ ਤੇ ਸਾਮਰਾਜੀ ਕੰਪਨੀਆਂ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ ਜੋ ਅੱਜ ਸਾੜੇ ਜਾਣੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪੁਤਲੇ ਸੂਬੇ ਦੇ 41 ਸ਼ਹਿਰਾਂ ਤੇ ਇੱਕ ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਫੂਕੇ ਜਾਣਗੇ। ਇਸ ਮੌਕੇ ਕੋਈ ਟਕਰਾਅ ਦੀ ਹਾਲਤ ਨਾ ਬਣੇ, ਇਸ ਲਈ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।

ਦੱਸ ਦਈਏ ਕਿ ਮੋਦੀ ਨੇ ਸ਼ਨੀਵਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਲਈ ਲਿਆਂਦੇ ਕਾਨੂੰਨਾਂ ਤੋਂ ਪਿੱਛੇ ਨਹੀਂ ਹਟਿਆ ਜਾਏਗਾ। ਉਨ੍ਹਾਂ ਕਿਹਾ, ‘‘ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਲਾਗਤ ਖ਼ਰਚੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਘਟਾਉਣ ਲਈ, ਸਾਨੂੰ ਬਦਲਦੇ ਸਮੇਂ ਵਿੱਚ ਆਪਣੀਆਂ ਕੋਸ਼ਿਸ਼ਾਂ ਵੀ ਵਧਾਉਣੀਆਂ ਪੈਣਗੀਆਂ।’’

ਮੋਦੀ ਨੇ ਕਿਹਾ, ‘‘ਕਿਸਾਨਾਂ ਨੂੰ ਆਪਣੀ ਫ਼ਸਲ ਦੇਸ਼ ਵਿੱਚ ਕਿਤੇ ਵੀ ਵੇਚਣ ਦੀ ਆਜ਼ਾਦੀ ਦੇਣਾ, ਹਜ਼ਾਰਾਂ ਕਿਸਾਨ ਉਤਪਾਦਕ ਜਥੇਬੰਦੀਆਂ ਬਣਾਉਣਾ, ਰੁਕੇ ਪਏ ਨਹਿਰੀ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਾ, ਫ਼ਸਲੀ ਬੀਮਾ ਸਕੀਮਾਂ ਨੂੰ ਬਿਹਤਰ ਬਣਾਉਣਾ, ਮਿੱਟੀ ਸਿਹਤ ਕਾਰਡ ਬਣਾਉਣਾ......ਇਸ ਸਭ ਦਾ ਮਕਸਦ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਵਿੱਚ ਮੁਸ਼ਕਲ ਨਾ ਆਵੇ। ਅਜਿਹੇ ਉਪਰਾਲੇ ਲਗਾਤਾਰ ਜਾਰੀ ਹਨ।’’