ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ60 ਫੀਸਦੀ ਪਿੰਡ ਠੀਕਰੀ ਪਹਿਰਿਆਂ ਰਾਹੀਂ ਆਪਣੇ ਪੱਧਰ 'ਤੇ ਲੌਕਡਾਊਨ ਲਾਗੂ ਕਰ ਚੁੱਕੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਾਰੇ ਪਿੰਡਾਂ 'ਚ ਠੀਕਰੀ ਪਹਿਰੇ ਲਾ ਕੇ ਪਿੰਡ 'ਚ ਵਾਇਰਸ ਦੇ ਦਾਖਲ ਨਾ ਹੋ ਸਕਣ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਪਣੇ-ਆਪ ਨੂੰ ਅਲਹਿਦਾ ਕਰਨਾ ਹੀ ਕੋਰੋਨਾਵਾਇਰਸ 'ਤੇ ਕਾਬੂ ਪਾਉਣ ਦਾ ਇਕਮਾਤਰ ਰਸਤਾ ਹੈ ਜਿਸ ਲਈ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਠੀਕਰੀ ਪਹਿਰਿਆਂ ਦੀ ਜ਼ਰੂਰਤ ਅਤੇ ਅਹਿਮੀਅਤ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਾਹਲ ਨੇ ਦੱਸਿਆ ਕਿ ਹੁਣ ਤੱਕ ਹੁਸ਼ਿਆਰਪੁਰ ਪੁਲਿਸ ਦੇ ਦਾਇਰੇ 'ਚ ਆਉਂਦੇ 60 ਪਿੰਡ ਆਪੋ-ਆਪਣੇ ਪਿੰਡਾਂ 'ਚ ਠੀਕਰੀ ਪਹਿਰੇ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵੈ-ਅਲਹਿਦਗੀ ਅਤੇ ਬਾਹਰੀ ਲੋਕਾਂ ਦੇ ਪ੍ਰਵੇਸ਼ ਨੂੰ ਰੋਕਣ ਨੂੰ ਯਕੀਨੀ ਬਣਾ ਕੇ ਬਹੁਤ ਹੱਦ ਤੱਕ ਪੇਂਡੂ ਇਲਾਕਿਆਂ 'ਚ ਕੋਰੋਨਾ ਦੇ ਲਾਗ ਨੂੰ ਕੰਟੋਰਲ 'ਚ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਸਾਰੇ ਡੀਐਸਪੀ ਸਰਪੰਚਾਂ ਨਾਲ ਮੀਟਿੰਗਾਂ ਕਰਦੇ ਆ ਰਹੇ ਹਨ ਅਤੇ ਠੀਕਰੀ ਪਹਿਰੇ ਲਾਉਣ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਇਹ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਬਣਾਇਆ ਗਿਆ ਸੀ ਕਿ ਜਾਂ ਤਾਂ ਬਾਹਰੀ ਵਿਅਕਤੀਆਂ ਵੱਲੋਂ ਕੋਰੋਨਾ ਤੋਂ ਬਚਾਅ ਦਾ ਟੀਕਾ 15 ਦਿਨ ਪਹਿਲਾਂ ਲਵਾਇਆ ਹੋਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਵੇ।
ਪੇਂਡੂ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਐਸਐਸਪੀ ਨੇ ਕਿਹਾ ਕਿ ਨੌਜਵਾਨਾਂ ਕੋਲ ਅਥਾਹ ਜਜ਼ਬਾ ਹੈ ਅਤੇ ਉਹ ਪਿੰਡਾਂ ਦੀਆਂ ਸੀਮਾਵਾਂ 'ਚ ਬਾਹਰੀ ਵਿਅਕਤੀਆਂ ਦੇ ਰੋਕਣ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਨੇ ਉਚੀ ਬੱਸੀ ਅਤੇ ਫਤਿਹਗੜ੍ਹ ਪਿੰਡਾਂ ਦੀ ਮਿਸਾਲ ਦਿੱਤੀ ਜਿੱਥੇ ਨੌਜਵਾਨਾਂ ਦੀ ਸਰਗਰਮ ਭਾਈਵਾਲੀ ਨਾਲ ਨਾਕੇ ਪ੍ਰਭਾਵੀ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਠੀਕਰੀ ਪਹਿਰੇ ਲਾਉਣ ਦੀ ਅਪੀਲ ਕੀਤੀ ਤਾਂ ਵਾਇਰਸ ਦੇ ਫੈਲਣ ਦੀ ਲੜੀ ਨੂੰ ਤੋੜਿਆ ਜਾ ਸਕੇ।