ਨਵੀਂ ਦਿੱਲੀ: ਕੇਂਦਰੀ ਧਰਤੀ ਵਿਗਿਆਨ ਮੰਤਰੀ ਹਰਸ਼ ਵਰਧਨ ਨੇ ਸੋਮਵਾਰ ਨੂੰ ਮੌਸਮ ਦੀਆਂ ਚੁਣੌਤੀਆਂ ਨੂੰ ਸਮੇਂ ਸਿਰ ਹੱਲ ਕਰਨ ਦੇ ਇਰਾਦੇ ਨਾਲ ਇੱਕ ਸਰਕਾਰੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜੋ ਦੇਸ਼ ਦੇ ਕਰੀਬ ਹਰ ਸ਼ਹਿਰ ਲਈ ਮੌਸਮ ਦੀ ਭਵਿੱਖਬਾਣੀ ਕਰੇਗੀ।


ਐਪ ਮੌਸਮ, ਤਾਪਮਾਨ, ਬਾਰਸ਼, ਹਵਾ ਦੀ ਗਤੀ, ਹਵਾ ਨਮੀ ਸਮੇਤ ਕਈਂ ਤਰ੍ਹਾਂ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਕੰਮ ਕਰੇਗੀ। ਸਰਕਾਰ ਦੇ ਦਾਅਵੇ ਅਨੁਸਾਰ ਇਹ ਐਪ ਅਗਲੇ ਸੱਤ ਦਿਨਾਂ ਵਿੱਚ ਭਾਰਤ ਦੇ ਲਗਪਗ 450 ਸ਼ਹਿਰਾਂ ਲਈ ਮੌਸਮ ਦੀ ਭਵਿੱਖਬਾਣੀ ਰਿਪੋਰਟਾਂ ਜਾਰੀ ਕਰਨਾ ਸ਼ੁਰੂ ਕਰੇਗੀ। ਇਸ ਐਪ 'ਤੇ 24 ਘੰਟੇ ਮੌਸਮ ਦੀ ਭਵਿੱਖਬਾਣੀ ਕੀਤੀ ਜਾਏਗੀ।




ਸੂਚਨਾਵਾਂ ਮੌਸਮ ਐਪ 'ਤੇ ਦਿਨ ਵਿੱਚ ਅੱਠ ਵਾਰ ਅਪਡੇਟ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਮੌਸਮ ਦੇ ਅਪਡੇਟਾਂ ਦੀ ਸੌਖੀ ਸਮਝ ਲਈ ਰੰਗਾਂ ਦਾ ਸਹਾਰਾ ਲਿਆ ਗਿਆ ਹੈ। ਐਪ 'ਤੇ ਮੌਸਮ ਦੀ ਜਾਣਕਾਰੀ ਤਿੰਨ ਰੰਗਾਂ ਲਾਲ, ਪੀਲਾ ਤੇ ਸੰਤਰੀ ਵਿੱਚ ਵੀ ਉਪਲਬਧ ਹੋਵੇਗੀ।




ਇਸ ਦੇ ਨਾਲ ਹੀ ਜੇਕਰ ਮੌਸਮ ਖ਼ਤਰਨਾਕ ਹੈ ਤਾਂ ਚੇਤਾਵਨੀ ਵੀ ਜਾਰੀ ਕੀਤੀ ਜਾਏਗੀ। ਐਪ ਸ਼ੁਰੂਆਤ ਵਿੱਚ ਤਿੰਨ ਘੰਟੇ ਦੇ ਅੰਤਰਾਲ 'ਤੇ 800 ਸਟੇਸ਼ਨਾਂ ਅਤੇ ਜ਼ਿਲ੍ਹਿਆਂ ਦਾ ਮੌਸਮ ਅਪਡੇਟ ਪ੍ਰਦਾਨ ਕਰੇਗੀ। ਮੌਸਮ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਮੌਜੂਦ ਹੈ।