ਗਾਜ਼ੀਪੁਰ ਬਾਰਡਰ: ਰਾਜਸਥਾਨ ’ਚ ਕਥਿਤ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਮਗਰੋਂ ਅੱਜ ਅੱਜ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਵੱਡਾ ਐਕਸ਼ਨ ਕੀਤਾ ਹੈ। ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਲਈ ਗਾਜ਼ੀਪੁਰ ਬਾਰਡਰ 'ਤੇ ਹੀ ਮਹਾਂ ਪੰਚਾਇਤ ਸੱਦ ਲਈ ਹੈ। ਇਸ ਦੀ ਅਗਵਾਈ ਖ਼ੁਦ ਰਾਸ਼ਟਰੀ ਬੁਲਾਰੇ ਨਰੇਸ਼ ਟਿਕੈਤ ਕਰ ਰਹੇ ਹਨ। ਉਨ੍ਹਾਂ ਨਾਲ ਇਸ ਮਹਾਂਪੰਚਾਇਤ ਵਿੱਚ ਕਈ ਖਾਪ ਚੌਧਰੀ ਵੀ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮਹਾਂਪੰਚਾਇਤ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹੋਣਗੇ। ਇਸ ਮਹਾਂਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ ਹੈ।


 


ਗ਼ਾਜ਼ੀਪੁਰ ਬਾਰਡਰ ’ਤੇ ਅੱਜ ਇੱਕ ਵਜੇ ਤੋਂ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। ਇਸ ਵਿੱਚ ਕਈ ਖਾਪ ਚੌਧਰੀ ਵੀ ਭਾਗ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੋਂ ਲੈ ਕੇ ਸਹਾਰਨਪੁਰ, ਸ਼ਾਮਲੀ, ਬਾਗਪਤ, ਹਾਪੁੜ, ਮੇਰਠ, ਗਾਜੀਆਬਾਦ, ਨੌਇਡਾ ਤੇ ਬੁਲੰਦਸ਼ਹਿਰ ਤੋਂ ਕਿਸਾਨ ਹਾਲੇ ਵੀ ਪੁੱਜ ਰਹੇ ਹਨ। ਅੱਜ ਇਸ ਮਹਾਂਪੰਚਾਇਤ ਵਿੱਚ ਕਈ ਅਹਿਮ ਫ਼ੈਸਲੇ ਲੈਣ ਦਾ ਐਲਾਨ ਵੀ ਕੀਤਾ ਗਿਆ ਹੈ, ਜਿਨ੍ਹਾਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਨਵੀਂ ਦਿਸ਼ਾ ਮਿਲੇਗੀ।


 


‘ਏਬੀਪੀ ਗੰਗਾ’ ਨਾਲ ਖ਼ਾਸ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਉੱਤੇ ਲਗਾਤਾਰ ਤਸ਼ੱਦਦ ਢਾਹੇ ਜਾ ਰਹੇ ਹਨ। ਉਨ੍ਹਾਂ ਦੇ ਆਗੂ ਰਾਕੇਸ਼ ਟਿਕੈਤ ਉੱਤੇ ਹਮਲਾ ਨਿਖੇਧੀਯੋਗ ਹੈ। ਉਸ ਦੀ ਜਿੰਨੀ ਵਾਰ ਨਿਖੇਧੀ ਕੀਤੀ ਜਾਵੇ, ਘੱਟ ਹੈ ਤੇ ਅੱਜ ਇਸ ਹਮਲੇ ਨੂੰ ਲੈ ਕੇ ਜੋ ਵੀ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਸੱਦਾ ਦੇਣਗੇ, ਸਾਰੇ ਕਿਸਾਨ ਉਸ ਦੀ ਪਾਲਣਾ ਕਰਨਗੇ। ਨਾਲ ਹੀ ਇਹ ਵੀ ਤੈਅ ਹੋਵੇਗਾ ਕਿ ਅੱਗੇ ਕਿਸੇ ਕਿਸਾਨ ਆਗੂ ਨਾਲ ਅਜਿਹੀ ਘਟਨਾ ਨਾ ਵਾਪਰੇ, ਇਸ ਬਾਰੇ ਰਣਨੀਤੀ ਤੈਅ ਹੋਵੇਗੀ।


 


ਫ਼ਿਲਹਾਲ ਇਸ ਮਹਾਂਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਤੇ ਪੀਏਸੀ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਲਾਈਆਂ ਗਈਆਂ ਹਨ।