ਨਵੀਂ ਦਿੱਲੀ: ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਿੱਲੀ ਚੋਣਾਂ ਦੌਰਾਨ ਭਾਜਪਾ 'ਚ ਸ਼ਾਮਲ ਹੋ ਗਈ ਹੈ। ਦਿੱਲੀ ਹੈੱਡਕੁਆਰਟਰ ਵਿੱਚ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਦੱਸਿਆ ਕਿ ਸਾਈਨਾ ਨੂੰ ਪਾਰਟੀ ਦੀ ਮੈਂਬਰਸ਼ਿਪ ਮਿਲ ਗਈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਇਨਾ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਦੇਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਾਂਗੀ। ਸਾਇਨਾ ਨੇਹਵਾਲ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਲਈ ਪ੍ਰਚਾਰ ਵੀ ਕਰੇਗੀ।

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਇਨਾ ਨੇ ਕਿਹਾ, "ਮੈਂ ਅੱਜ ਅਜਿਹੀ ਪਾਰਟੀ 'ਚ ਸ਼ਾਮਲ ਹੋਈ ਜੋ ਦੇਸ਼ ਲਈ ਕੰਮ ਕਰਦੀ ਹੈ। ਮੈਂ ਖੁਦ ਬਹੁਤ ਮਿਹਨਤੀ ਹਾਂ ਤੇ ਮੈਨੂੰ ਮਿਹਨਤੀ ਲੋਕ ਪਸੰਦ ਹਨ। ਮੈਂ ਵੇਖ ਰਹੀ ਹਾਂ ਕਿ ਨਰਿੰਦਰ ਮੋਦੀ ਜੀ ਦੇਸ਼ ਲਈ ਬਹੁਤ ਸਖ਼ਤ ਮਿਹਨਤ ਕਰਦੇ ਹਨ। ਜੇ ਮੈਂ ਉਨ੍ਹਾਂ ਨਾਲ ਦੇਸ਼ ਲਈ ਕੁਝ ਵੀ ਕਰ ਸਕਦੀ ਹਾਂ, ਤਾਂ ਇਹ ਮੇਰੀ ਚੰਗੀ ਕਿਸਮਤ ਹੋਵੇਗੀ। ਫਿਲਹਾਲ ਮੇਰੇ ਲਈ ਸਭ ਕੁਝ ਨਵਾਂ ਹੈ ਪਰ ਰਾਜਨੀਤੀ 'ਚ ਦਿਲਚਸਪੀ ਲੈਣੀ ਚੰਗੀ ਗੱਲ ਹੈ।"

ਹਰਿਆਣਾ ਦੇ ਹਿਸਾਰ 'ਚ ਜਨਮੀ ਸਾਇਨਾ ਇਸ ਸਮੇਂ ਵਿਸ਼ਵ '8ਵੇਂ ਸਥਾਨ ‘ਤੇ ਹੈ। ਸਾਇਨਾ ਨੇਹਵਾਲ ਨੇ ਵੱਖ-ਵੱਖ ਸਮੇਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਸਾਇਨਾ ਨੇਹਵਾਲ ਦੀ ਬਾਇਓਪਿਕ ਵੀ ਜਲਦੀ ਹੀ ਫ਼ਿਲਮੀ ਪਰਦੇ 'ਤੇ ਦਸਤਕ ਦੇਣ ਜਾ ਰਹੀ ਹੈ। ਪਰਿਣੀਤੀ ਚੋਪੜਾ, ਸਾਇਨਾ ਨੇਹਵਾਲ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਸਾਇਨਾ ਨੇਹਵਾਲ ਨੂੰ ਬੈਡਮਿੰਟਨ ਖੇਡਾਂ 'ਚ ਪਾਏ ਯੋਗਦਾਨ ਲਈ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਅਤੇ ਅਰਜੁਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਸਾਇਨਾ ਨੇਹਵਾਲ ਨੇ ਲੰਡਨ ਓਲੰਪਿਕ 'ਚ ਦੇਸ਼ ਲਈ ਤਾਂਬੇ ਦਾ ਤਗਮਾ ਜਿੱਤਿਆ ਸੀ।