ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਪੰਜਾਬ ਨੇ ਸੂਬਾ ਸਰਕਾਰ (Punjab Government) ਕੋਲੋਂ ਮੰਗ ਕੀਤੀ ਹੈ ਕਿ ਝੋਨੇ (paddy) ਦੀ ਲਵਾਈ ਦਾ ਪ੍ਰਤੀ ਏਕੜ ਮੁੱਲ ਸਰਕਾਰੀ ਪੱਧਰ ‘ਤੇ ਐਲਾਨਿਆ ਜਾਵੇ ਤਾਂ ਜੋ ਕਿਸਾਨਾਂ ਤੇ ਮਜ਼ਦੂਰਾਂ (Farmers and labor) ਦਰਮਿਆਨ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਸਾਂਝ ਨੂੰ ਕਿਸੇ ਵੀ ਤਰ੍ਹਾਂ ਦਾ ਖੋਰਾ ਨਾ ਲੱਗੇ। ਇਸ ਦੇ ਨਾਲ ਹੀ ‘ਆਪ’ ਨੇ ਕੋਰੋਨਾਵਾਇਰਸ (Coronavirus) ਕਾਰਨ ਪੈਦਾ ਹੋਏ ਹਾਲਾਤ ਦਾ ਹਵਾਲਾ ਦੇ ਕੇ ਝੋਨੇ ਦੀ ਲਵਾਈ (paddy sowing) ਦੀ ਤਾਰੀਖ਼ ‘ਚ ਢਿੱਲ ਦੇਣ ਦੀ ਵੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਸਣੇ ਹੋਰ ਲੀਡਰਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੀ ਪ੍ਰਤੀ ਏਕੜ ਮਜ਼ਦੂਰੀ ਤੈਅ ਕਰਨ ਬਾਰੇ ਪਿੰਡਾਂ ‘ਚ ਕਿਸਾਨਾਂ ਤੇ ਸਥਾਨਕ ਮਜ਼ਦੂਰਾਂ ਦਰਮਿਆਨ ਸਫ਼ਬੰਦੀ ਬਣਨ ਦੀਆਂ ਜੋ ਰਿਪੋਰਟਾਂ ਆ ਰਹੀਆਂ ਹਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਕਿਸਾਨਾਂ ਅਤੇ ਸਥਾਨਕ ਮਜ਼ਦੂਰ ਵਰਗ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਕੁੜੱਤਣ ਨਾ ਕੇਵਲ ਖੇਤੀਬਾੜੀ ਨੂੰ ਪ੍ਰਭਾਵਿਤ ਕਰੇਗੀ, ਸਗੋਂ ਸਦੀਆਂ ਪੁਰਾਣੀ ਸਮਾਜਿਕ ਸਾਂਝ ‘ਚ ਵੀ ਜ਼ਹਿਰ ਘੋਲੇਗੀ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਕੋਲ ਖੇਤੀਬਾੜੀ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਝੋਨੇ ਦੀ ਲਵਾਈ ਲਈ ਪ੍ਰਤੀ ਏਕੜ ਠੇਕਾ ਤਹਿ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਜਿਸ ‘ਚ ਖੇਤੀਬਾੜੀ ਖੇਤਰ ਦੇ ਮਾਹਿਰਾਂ, ਕਿਸਾਨ ਸੰਗਠਨਾਂ, ਕਿਰਤੀ-ਮਜ਼ਦੂਰ ਸੰਗਠਨਾਂ ਸਮੇਤ ਸਿਆਸੀ ਦਲਾਂ ਦੇ ਕਿਸਾਨ ਅਤੇ ਮਜ਼ਦੂਰ ਵਿੰਗਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰੇ ਕਰੇ ਤੇ ਸਰਕਾਰੀ ਪੱਧਰ ਤੇ ਪ੍ਰਤੀ ਏਕੜ ਲਵਾਈ ਦਾ ਮੁੱਲ ਐਲਾਨੇ।

ਇਸ ਦੇ ਨਾਲ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨੇ ਇਹ ਵੀ ਮੰਗ ਕੀਤੀ ਕਿ ਸਾਰੇ ਹਲਾਤਾਂ ਦੇ ਮੱਦੇਨਜ਼ਰ ਇਸ ਵਾਰ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਹੋਣ ਵਾਲੀ ਤਾਰੀਖ਼ ‘ਚ ਢਿੱਲ ਦਿੱਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਸਮੁੱਚੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੂੰ ਇਸ ਵਾਰ ਝੋਨੇ ਦੀ ਲਵਾਈ ਅਗੇਤੀ ਸ਼ੁਰੂ ਕਰਵਾਉਣੀ ਚਾਹੀਦੀ ਹੈ।