ਮੋਰੈਨਾ: ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ ਵਿਚਕਾਰ ਕੇਂਦਰ ਸਰਕਾਰ, ਮੰਤਰੀਆਂ ਤੇ ਬੀਜੇਪੀ ਲੀਡਰਾਂ ਦਾ ਖਾਸਾ ਵਿਰੋਧ ਹੋ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਹੱਕ 'ਚ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਕਾਨੂੰਨਾਂ ਦੀ ਵਕਾਲਤ ਕਰਨ ਲਈ ਕਈ ਤਰੀਕਿਆਂ ਨੂੰ ਅਪਣਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਇਨ੍ਹਾਂ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰੇ ਲਈ ਕਈ ਕਾਨਫਰੰਸਾਂ ਕਰ ਰਹੇ ਹਨ।
ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨਾਲ ਖਾਣਾ ਖਾਂਦੇ ਵੇਖਿਆ ਗਿਆ ਹੈ। ਦਰਅਸਲ ਤੋਮਰ ਐਤਵਾਰ ਨੂੰ ਦਿੱਲੀ ਤੋਂ ਰੇਲ ਰਾਹੀਂ ਮੋਰੈਨਾ ਆ ਰਹੇ ਸੀ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨਾਲ ਰੇਲ 'ਚ ਬੈਠ ਕੇ ਲੰਗਰ ਛਕਿਆ। ਇਹ ਵੀਡੀਓ ਉਨ੍ਹਾਂ ਦੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ।
ਵੀਡੀਓ ਬਾਰੇ ਪੁੱਛੇ ਜਾਣ 'ਤੇ ਖੇਤੀਬਾੜੀ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਖੇਤੀਬਾੜੀ ਸੈਕਟਰ 'ਚ ਮੋਦੀ ਸਰਕਾਰ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਜ਼ਰੂਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਲਈ ਬੇਮਿਸਾਲ ਕੰਮ ਕੀਤੇ ਹਨ ਤੇ ਸਰਕਾਰ ਇਨ੍ਹਾਂ ਕਿਸਾਨ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੁਝਾਵਾਂ ‘ਤੇ ਤਬਦੀਲੀ ਲਈ ਨੌਂ ਕਦਮਾਂ 'ਤੇ ਵਿਚਾਰ ਵਟਾਂਦਰੇ ਕੀਤੇ ਅਤੇ ਉਨ੍ਹਾਂ ਨੇ ਸੰਭਾਵਤ ਤੌਰ ‘ਤੇ 19 ਜਨਵਰੀ ਨੂੰ ਦਸਵੇਂ ਪੜਾਅ ਦੀ ਗੱਲਬਾਤ 'ਤੇ ਕਿਸਾਨਾਂ ਨਾਲ ਵਿਕਲਪਾਂ ਅਤੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰੇ ਅਤੇ ਹੱਲ ਵੱਲ ਵਧਣ ਲਈ ਭਰੋਸਾ ਜਤਾਇਆ ਸੀ। ਉਨ੍ਹਾਂ ਕਿਸਾਨ ਕਨੂੰਨਾਂ ਨੂੰ ਕਿਸਾਨਾਂ ਦੇ ਜੀਵਨ ਵਿੱਚ ਤਬਦੀਲੀ ਦੱਸਦਿਆਂ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੇ ਵਿਕਾਸ ਲਈ ਵਚਨਬੱਧ ਹੈ।