ਵਾਰਾਣਸੀ: ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ 'ਚ ਡਿਜੀਟਲ ਕ੍ਰਾਂਤੀ ਲਿਆਉਣ ਵਾਲੇ ਨਰੇਂਦਰ ਮੋਦੀ ਆਪਣੀ ਅਗਲੀ ਲੋਕ ਸਭਾ ਚੋਣ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਲਣਨ ਜਾ ਰਹੇ ਹਨ। ਪਰ ਉਨ੍ਹਾਂ ਦਾ ਮੁਕਾਬਲਾ ਹੋਰ ਵੀ ਸਖ਼ਤ ਬਣਾਉਣ ਲਈ 111 ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਵੀ ਮੋਦੀ ਖ਼ਿਲਾਫ਼ ਉਨ੍ਹਾਂ ਦੇ ਹੀ ਹਲਕੇ ਤੋਂ ਚੋਣ ਲੜਣਗੇ।


ਤਮਿਲਨਾਡੂ ਦੇ ਕਿਸਾਨਾਂ ਨੇ ਸਿਆਸਤਦਾਨਾਂ ਨੂੰ ਸਬਕ ਸਿਖਾਉਣ ਲਈ ਵੱਖਰਾ ਤਰੀਕਾ ਖੋਜ ਲਿਆ ਹੈ। ਕਿਸਾਨ ਨੇਤਾ ਪੀ. ਅਇੱਆਕੰਨੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੋਦੀ ਖ਼ਿਲਾਫ਼ ਵਾਰਾਣਸੀ ਤੋਂ 111 ਕਿਸਾਨ ਚੋਣ ਲੜਨਗੇ। ਅਇੱਆਕੰਨੂ ਨੇ ਕਿਹਾ ਕਿ ਕਿਸਾਨਾਂ ਵੱਲੋਂ ਚੋਣ ਲੜਨ ਦਾ ਮਕਸਦ ਭਾਜਪਾ ਨੂੰ ਸਿਰਫ ਇਹ ਸਿਖਾਉਣਾ ਹੈ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੇ ਜਿਣਸ ਦਾ ਚੰਗਾ ਮੁੱਲ ਦੇਣ ਦੀ ਮੰਗ ਆਪਣੇ ਚੋਣ ਮਨੋਰਥ ਪੱਤਰ 'ਚ ਸ਼ਾਮਲ ਕਰਨ।

ਉਨ੍ਹਾਂ ਸਾਫ ਕੀਤਾ ਕਿ ਜਦ ਭਾਜਪਾ ਇਸ ਗੱਲ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰ ਲਵੇਗੀ, ਕਿਸਾਨ ਮੋਦੀ ਖ਼ਿਲਾਫ਼ ਚੋਣ ਨਹੀਂ ਲੜਨਗੇ। ਅਇੱਆਕੰਨੂ ਨੇ ਦੱਸਿਆ ਕਿ ਕਈ ਜ਼ਿਲ੍ਹਿਆਂ ਦੇ 300 ਕਿਸਾਨਾਂ ਲਈ ਰੇਲ ਦੀਆਂ ਟਿਕਟਾਂ ਖਰੀਦ ਕੇ ਉਨ੍ਹਾਂ ਨੂੰ ਵਾਰਾਣਸੀ ਰਵਾਨਾ ਕੀਤਾ ਜਾਵੇਗਾ। ਯਾਦ ਰਹੇ ਕਿ ਇਹ ਉਹੀ ਕਿਸਾਨ ਹਨ ਜਿਨ੍ਹਾਂ ਨੇ ਸਾਲ 2017 ਵਿੱਚ ਦਿੱਲੀ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਸਨ। ਹੁਣ ਅੰਨਦਾਤਾ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣ ਲਈ ਮੈਦਾਨ ਵਿੱਚ ਉੱਤਰ ਆਇਆ ਹੈ।