ਨਵੀਂ ਦਿੱਲੀ : ਪਹਿਲੀ ਵਾਰ ਭਾਰਤੀ ਕਣਕ ਦੀ ਖੇਪ ਬਿਨਾਂ ਪਾਕਿਸਤਾਨ ਦੀ ਮਦਦ ਦੇ ਅਫ਼ਗਾਨਿਸਤਾਨ ਪੁੱਜ ਗਈ ਹੈ। ਤਿੰਨ ਧਿਰੀ ਸਹਿਯੋਗ ਤਹਿਤ ਭਾਰਤੀ ਕਣਕ ਦੀ ਪਹਿਲੀ ਖੇਪ ਈਰਾਨ ਦੇ ਚਾਬਹਾਰ ਬੰਦਰਗਾਹ ਹੁੰਦੇ ਹੋਏ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਤੇ ਤੱਟਵਰਤੀ ਸ਼ਹਿਰ ਜਰਾਂਜ ਪੁੱਜੀ।


ਇਹ ਸ਼ਹਿਰ ਈਰਾਨ-ਅਫ਼ਗਾਨਿਸਤਾਨ ਸਰਹੱਦ ਦੇ ਨੇੜੇ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫ਼ਗਾਨਿਸਤਾਨ ਦੇ ਹਮਰੁਤਬਾ ਸਲਾਹੂਦੀਨ ਰੱਬਾਨੀ ਦੇ ਨਾਲ ਇਸ ਖੇਪ ਨੂੰ 29 ਅਕਤੂਬਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ।

ਕਾਬੁਲ ਸਥਿਤ ਭਾਰਤੀ ਰਾਜਦੂਤ ਮਨਪ੍ਰੀਤ ਵੋਹਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਚਾਬਹਾਰ ਹੁੰਦੇ ਹੋਏ ਕਣਕ ਦੀ ਪਹਿਲੀ ਖੇਪ ਡਾ ਜਰਾਂਜ ਵਿਚ ਰਵਾਇਤੀ ਗੀਤ, ਨਿ੍ਰਤ ਅਤੇ ਉਲਾਸ ਦੇ ਨਾਲ ਸਵਾਗਤ ਕੀਤਾ ਗਿਆ। ਬੇਹੱਦ ਮਾਣ ਦਾ ਪਲ ਹੈ।

ਵੋਹਰਾ ਨੇ ਦੱਸਿਆ ਕਿ ਅਸੀਂ ਮੌਕੇ 'ਤੇ ਜਰਾਂਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਸੀ। ਇਹ ਖੇਪ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ 24 ਅਕਤੂਬਰ ਨੂੰ ਭਾਰਤ ਦੌਰੇ ਪਿੱਛੋਂ ਤੋਹਫ਼ੇ ਵਜੋਂ ਭੇਜੀ ਗਈ। ਹਿੰਸਾਗ੍ਰਸਤ ਅਫ਼ਗਾਨਿਸਤਾਨ ਦੇ ਪੁਨਰਨਿਰਮਾਣ ਅਤੇ ਵਿਕਾਸ ਵਿਚ ਭਾਰਤ ਮੁੱਖ ਸਹਿਯੋਗੀ ਹੈ।

29 ਅਕਤੂਬਰ ਨੂੰ ਕਣਕ ਦੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਈਰਾਨ ਨੂੰ ਖ਼ਾਸ ਤੌਰ 'ਤੇ ਧੰਨਵਾਦ ਦਿੱਤਾ ਸੀ। ਕਿਹਾ ਸੀ ਕਿ ਭਾਰਤ ਦੇ ਇਸ ਤੋਹਫ਼ੇ ਨੂੰ ਚਾਬਹਾਰ ਰਸਤੇ ਅਫ਼ਗਾਨਿਸਤਾਨ ਪਹੁੰਚਾਉਣ ਵਿਚ ਸਹਿਯੋਗ ਲਈ ਈਰਾਨ ਦਾ ਧੰਨਵਾਦ।

ਪਿਛਲੇ ਸਾਲ ਮਈ ਵਿਚ ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਤਿੰਨ ਧਿਰੀ ਕਰਾਰ ਪਿੱਛੋਂ ਕਣਕ ਈ ਇਹ ਪਹਿਲੀ ਖੇਪ ਭੇਜੀ ਗਈ। ਕਰਾਰ ਤਹਿਤ ਚਾਬਹਾਰ ਬੰਦਰਗਾਹ ਨੂੰ ਤਿੰਨ ਦੇਸ਼ਾਂ ਵਿਚਕਾਰ ਵਪਾਰ ਦਾ ਮੁੱਖ ਜ਼ਰੀਆ ਬਣਾਉਣਾ ਸ਼ਾਮਿਲ ਹੈ।