ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਧੁਆਂਖੀ ਧੁੰਦ (ਸਮੋਗ) ਕਾਰਨ ਖ਼ਤਰਨਾਕ ਹਾਲਾਤ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਆਉਣ ਵਾਲੇ ਇਕ ਦੋ ਦਿਨਾਂ 'ਚ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਿਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਤੇਜ਼ ਹਵਾਵਾਂ ਚੱਲਣਗੀਆਂ ਤੇ ਮੀਂਹ ਪਵੇਗਾ ਜਿਸ ਨਾਲ ਧੁਆਂਖੀ ਧੁੰਦ ਉੱਡ ਜਾਵੇਗੀ। ਹਾਲਾਂਕਿ ਪੀਏਯੂ ਨੇ ਸ਼ਨਿਚਰਵਾਰ ਨੂੰ ਸੂਬੇ 'ਚ ਸੰਘਣੀ ਸਮੋਗ ਛਾਉਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਮੁਤਾਬਿਕ ਬੀਤੇ ਦਿਨਾਂ ਦੇ ਮੁਕਾਬਲੇ ਧੁਆਂਖੀ ਧੁੰਦ 'ਚ ਹਲਕਾ ਸੁਧਾਰ ਹੋਇਆ ਹੈ। ਦੱਖਣੀ-ਪੱਛਮੀ ਪੰਜਾਬ ਨੂੰ ਛੱਡ ਕੇ ਬਾਕੀ ਹਿੱਸਿਆਂ ਵਿਚ ਇਹ ਬੱਦਲ ਨਾਂ ਦੇ ਬਰਾਬਰ ਹਨ। ਐਤਵਾਰ ਤੱਕ ਪੰਜਾਬ ਵਿਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਐਟਲਾਂਟਿਕ ਮਹਾਸਾਗਰ ਦੇ ਉੱਪਰ ਪੈਦਾ ਹੋਏ ਵੈਸਟਰਨ ਡਿਸਟਰਬੈਂਸ ਦੇ 13 ਤੋਂ 15 ਨਵੰਬਰ ਵਿਚਕਾਰ ਪੰਜਾਬ ਵਿਚ ਆਉਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਦੇ ਆਉਣ ਤੋਂ ਬਾਅਦ ਪੰਜਾਬ ਵਿਚ ਤੇਜ਼ ਹਵਾਵਾਂ ਚੱਲਣਗੀਆਂ ਤੇ ਬਰਸਾਤ ਹੋਵੇਗੀ। ਹਾਲਾਂਕਿ ਚੰਡੀਗੜ੍ਹ ਸਥਿਤ ਇੰਡੀਆ ਮੈਟਰੋਲਾਜੀਕਲ ਡਿਪਾਰਟਮੈਂਟ ਮੁਤਾਬਿਕ ਵੀ 14 ਤੋਂ 16 ਨਵੰਬਰ ਦੇ ਵਿਚਕਾਰ ਬਾਰਿਸ਼ ਹੋ ਸਕਦੀ ਹੈ। ਕਈ ਥਾਵਾਂ 'ਤੇ ਬੱਦਲ ਛਾਏ ਰਹਿਣ ਤੇ ਹਵਾਵਾਂ ਚੱਲਣ ਦਾ ਵੀ ਅਨੁਮਾਨ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੀਨੀਅਰ ਐਗਰੋਮੈਟਰੋਲਾਜਿਸਟ ਡਾ. ਪ੍ਰਭਜੋਤ ਕੌਰ ਸਿੱਧੂ ਮੁਤਾਬਿਕ ਸਮੋਗ ਖ਼ਤਮ ਕਰਨ ਲਈ ਭਾਰੀ ਬਾਰਿਸ਼ ਦੀ ਲੋੜ ਹੈ। ਬਾਰਿਸ਼ ਹੋਣ 'ਤੇ ਹੀ ਆਸਮਾਨ 'ਚ ਇਕੱਠੀ ਹੋਈ ਧੁੰਦ ਹੇਠਾਂ ਆ ਜਾਵੇਗੀ। ਹਵਾ 'ਚ ਮੌਜੂਦ ਪ੍ਰਦੂਸ਼ਿਤ ਕਣ ਪੂਰੀ ਤਰ੍ਹਾਂ ਖ਼ਤਮ ਹੋਣਗੇ। ਬਾਰਿਸ਼ ਨਾ ਵੀ ਹੋਵੇ ਤਾਂ ਵੀ ਤੇਜ਼ ਹਵਾ ਕਾਰਨ ਧੁੰਦ ਖ਼ਤਮ ਹੋ ਜਾਵੇਗੀ। ਹਾਲਾਂਕਿ ਪੀਏਯੂ ਦੇ ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਸੰਘਣੀ ਧੁੰਦ ਛਾਉਣ ਦੀ ਸੰਭਾਵਨਾ ਪ੍ਰਗਟਾਈ ਹੈ।