ਨਵੀਂ ਦਿੱਲੀ: ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦੀਆਂ ਵਿੱਤੀ ਮੁਸ਼ਕਲਾਂ ਦਾ ਹੱਲ ਕਰਨ ਲਈ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਲਈ 21 ਹਜ਼ਾਰ ਕਰੋੜ ਰੁਪਏ ਦੀ ਨਕਦੀ ਦਾ ਪ੍ਰਬੰਧ ਕੀਤਾ ਹੈ। ਇਹ ਰਕਮ ਕਿਸਾਨ ਕ੍ਰੈਡਿਟ ਕਾਰਡ, ਬੈਂਕ ਖਾਤੇ ਜਾਂ ਫਿਰ ਦੋਵਾਂ ਦੇ ਜ਼ਰੀਏ ਕੱਢਵਾਈ ਜਾ ਸਕੇਗੀ।


ਨੋਟਬੰਦੀ ਕਰਕੇ ਦੇਸ਼ ਭਰ ਵਿੱਚ ਤਕਰੀਬਨ ਪੌਣੇ ਚਾਰ ਸੌ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਕਿਸਾਨ ਗਾਹਕਾਂ ਲਈ ਪ੍ਰੇਸ਼ਾਨੀ ਵਧਦੀ ਜਾ ਰਹੀ ਸੀ। ਉਂਝ ਤਾਂ ਇਨ੍ਹਾਂ ਬੈਂਕਾਂ ਤੋਂ ਹਰ ਹਫਤੇ 24 ਹਜ਼ਾਰ ਰੁਪਏ ਕੱਢਣ ਦੀ ਇਜਾਜ਼ਤ ਹੈ ਪਰ ਇਨ੍ਹਾਂ ਬੈਂਕਾਂ ਵਿੱਚ ਨਾ ਤਾਂ ਨੋਟਾਂ ਦੀ ਅਦਲਾ-ਬਦਲੀ ਹੋ ਸਕਦੀ ਹੈ ਤੇ ਨਾ ਹੀ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਦੂਜੇ ਪਾਸੇ ਕਿਸਾਨਾਂ ਲਈ ਸੰਸਥਾਗਤ ਸ੍ਰੋਤਾਂ ਤੋਂ ਮਿਲਣ ਵਾਲੇ ਕਰਜ਼ ਦਾ ਤਕਰੀਬਨ 40 ਫੀਸਦੀ ਇਨ੍ਹਾਂ ਬੈਂਕਾਂ ਤੋਂ ਆਉਂਦਾ ਹੈ। ਇਸ ਲਈ ਨਕਦੀ ਦੀ ਪ੍ਰੇਸ਼ਾਨੀ ਦੇ ਹੱਲ਼ ਲਈ ਸਰਕਾਰ ਨੇ ਇਨ੍ਹਾਂ ਬੈਂਕਾਂ ਲਈ 21 ਹਜ਼ਾਰ ਕਰੋੜ ਰੁਪਏ ਦੀ ਨਕਦੀ ਜਾਰੀ ਕਰਨ ਦਾ ਐਲਾਨ ਕੀਤਾ ਹੈ।