ਚੰਡੀਗੜ੍ਹ : ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚ ਫਸ ਕੇ ਫਿੱਸੀ ਪਈ ਪੰਜਾਬ ਦੀ ਕਿਸਾਨੀ ਜਿੱਥੇ ਖੇਤੀ ਦੇ ਧੰਦੇ ਤੋਂ ਮਾਯੂਸ ਹੋਈ ਪਈ ਹੈ, ਉੱਥੇ ਪਟਿਆਲਾ ਨੇੜਲੇ ਪਿੰਡ ਮੰਜਾਲ ਖ਼ੁਰਦ ਦਾ ਨੌਜਵਾਨ ਡੁੱਬਦੀ ਜਾ ਰਹੀ ਕਿਸਾਨੀ ਨੂੰ ਨਵਾਂ ਰਾਹ ਦਿਖਾ ਰਿਹਾ ਹੈ। ਪਿੰਡ ਮੰਜਾਲ ਦਾ ਕਿਸਾਨ ਪੁੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਅੱਜ ਫੁੱਲਾਂ ਦੀ ਖੇਤੀ ਕਰਨ ਵਾਲਾ ਦੇਸ਼ ਦਾ ਸਭ ਤੋਂ ਪ੍ਰਸਿੱਧ ਤੇ ਸਫਲ ਕਿਸਾਨ ਬਣ ਗਿਆ ਹੈ। ਗੁਰਪ੍ਰੀਤ ਦੀ 20 ਸਾਲ ਦੀ ਸਖ਼ਤ ਮਿਹਨਤ ਤੇ ਵਿਗਿਆਨਕ ਖੋਜ ਭਰਪੂਰ ਤਜਰਬਿਆਂ ਨਾਲ ਉਸ ਨੂੰ ਕਾਮਯਾਬੀ ਹਾਸਲ ਹੋਈ ਹੈ।
ਕਿੰਜ ਬਣਿਆ ਸਫਲ ਕਿਸਾਨ
ਗੁਰਪ੍ਰੀਤ ਨੇ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਉਪਰੰਤ ਹੋਰ ਨੌਜਵਾਨਾਂ ਵਾਂਗ ਸਰਕਾਰੀ ਨੌਕਰੀ ਦੀ ਭਾਲ ਨਹੀਂ ਕੀਤੀ ਤੇ ਆਪਣੇ ਖੇਤਾਂ ਵਿੱਚ ਫੁੱਲਾਂ ਦੀ ਖੇਤੀ ਸ਼ੁਰੂ ਕਰਨ ਦਾ ਨਿਵੇਕਲਾ ਫ਼ੈਸਲਾ ਲਿਆ। 1996 ਵਿੱਚ ਉਸ ਨੇ ਇੱਕ ਏਕੜ ਜ਼ਮੀਨ ‘ਤੇ ਗੇਂਦਾ ਫੁੱਲ ਬੀਜ ਕੇ ਨਵੇਂ-ਨਵੇਂ ਤਜਰਬੇ ਸ਼ੁਰੂ ਕੀਤੇ। ਤਜਰਬਾ ਸਫਲ ਰਿਹਾ। ਗੁਰਪ੍ਰੀਤ ਨੂੰ ਇਹ ਧੰਦਾ ਮੁਨਾਫ਼ੇ ਵਾਲਾ ਲੱਗਿਆ। ਦੋ ਸਾਲ ਬਾਅਦ ਉਸ ਨੇ ਗਲੈਡੀਓਲਸ ਦੀ ਖੇਤੀ ਵੀ ਆਰੰਭ ਕੀਤੀ ਤੇ ਫੁੱਲਾਂ ਦੀ ਖੇਤੀ ਹੇਠ ਰਕਬਾ ਵੀ ਵਧਾ ਲਿਆ। ਜਿਵੇਂ-ਜਿਵੇਂ ਤਜਰਬਾ ਵਧਦਾ ਗਿਆ, ਉਸ ਦੇ ਖੇਤਾਂ ਵਿੱਚ ਫੁੱਲਾਂ ਦੀਆਂ ਕਿਸਮਾਂ ਵੀ ਵਧਦੀਆਂ ਗਈਆਂ।
2000 ਵਿਚ ਉਸ ਨੇ ਦੇਸੀ ਗੁਲਾਬ ਦੀ ਖੇਤੀ ਸ਼ੁਰੂ ਕੀਤੀ ਅਤੇ 2012 ਵਿਚ ਅੰਗਰੇਜ਼ੀ ਗੁਲਾਬ ਉਗਾਉਣ ਲਈ ਇੱਕ ਪਾਲੀ ਹਾਊਸ ਵੀ ਤਿਆਰ ਕਰ ਲਿਆ। ਹੌਲੀ-ਹੌਲੀ ਗੁਲਜ਼ਾਫਰੀ, ਰਜਨੀਗੰਧਾ, ਸਟੈਟਾਈਸ, ਪਟੂਨੀਆ, ਲਾਕਸਪਰ ਆਦਿ ਫੁੱਲ ਵੀ ਉਸ ਦੇ ਖੇਤਾਂ ਵਿੱਚ ਮਹਿਕਣ ਲੱਗੇ।
ਮੰਡੀਕਰਨ ਦਾ ਮਾਹਿਰ
ਸ਼ੇਰਗਿੱਲ ਦੀ ਫੁੱਲਾਂ ਦੀ ਕਾਸ਼ਤ ਹੁਣ ਵੀਹ ਏਕੜ ਰਕਬੇ ‘ਚ ਫੈਲ ਚੁੱਕੀ ਹੈ। ਉਸ ਦੇ ਅਨੁਸਾਰ ਕਣਕ-ਝੋਨੇ ਨਾਲੋਂ ਫੁੱਲਾਂ ਦੀ ਕਾਸ਼ਤ ਨਾਲ ਮੁਨਾਫ਼ਾ 3 ਤੋਂ 4 ਗੁਣਾ ਤੱਕ ਵਧਾਇਆ ਜਾ ਸਕਦਾ ਹੈ ਪਰ ਇਸ ਲਈ ਕਿਸਾਨਾਂ ਨੂੰ ਫੁੱਲਾਂ ਦੇ ਮੰਡੀ ਕਰਨ ਦੀ ਪੂਰੀ ਜਾਣਕਾਰੀ ਤੇ ਢੰਗ ਤਰੀਕੇ ਪਤਾ ਹੋਣੇ ਜ਼ਰੂਰੀ ਹਨ।
ਮੰਡੀ ਵਿਚ ਫੁੱਲਾਂ ਦੀ ਮੰਗ ਤੇ ਪੂਰਤੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁਨਾਫ਼ਾ ਲੈਣ ਲਈ ਫੁੱਲਾਂ ਦੀ ਗਰੇਡਿੰਗ ਕਰਨੀ ਵੀ ਬੜੀ ਜ਼ਰੂਰੀ ਹੈ। ਆਪਣੇ ਮਕੈਨੀਕਲ ਇੰਜੀਨੀਅਰਿੰਗ ਦੇ ਗਿਆਨ ਦਾ ਲਾਹਾ ਲੈਂਦਿਆਂ ਗੁਰਪ੍ਰੀਤ ਨੇ ਗਲੈਡੀਓਲਸ ਦੀ ਗਰੇਡੇਸ਼ਨ ਲਈ ਮਸ਼ੀਨ ਵੀ ਖ਼ੁਦ ਹੀ ਤਿਆਰ ਕਰ ਲਈ ਹੈ।
ਦੇਸ਼ ਵਿਦੇਸ਼ ਤੋਂ ਉਸ ਦੇ ਖੇਤਾਂ ਚ ਲੱਗਦੀ ਰੌਣਕ
ਜਦੋਂ ਫੁੱਲਾਂ ਦੀ ਬਹਾਰ ਹੁੰਦੀ ਹੈ। ਉਸ ਸਮੇਂ ਗੁਰਪ੍ਰੀਤ ਦੇ ਖੇਤਾਂ ‘ਚ ਜਾ ਕੇ ਇੰਜ ਲੱਗਦਾ ਹੈ ਜਿਵੇਂ ਕਿਸੇ ਫੁੱਲਾਂ ਦੇ ਦੇਸ਼ ਵਿਚ ਆ ਗਏ ਹੋਈਏ। ਗੁਰਪ੍ਰੀਤ ਦੀ ਸਫਲਤਾ ਦੇ ਚਰਚੇ ਅੱਜਕੱਲ੍ਹ ਵਿਦੇਸ਼ਾਂ ‘ਚ ਵੀ ਫੈਲ ਚੁੱਕੇ ਹਨ। ਉਸ ਦੇ ਫੁੱਲਾਂ ਦੀ ਖੇਤੀ ਬਾਰੇ ਜਾਣਨ ਲਈ ਦੇਸ਼ ਵਿਦੇਸ਼ ਤੋਂ ਲੋਕੀਂ ਆਉਂਦੇ ਰਹਿੰਦੇ ਹਨ। ਦਸੰਬਰ 2015 ‘ਚ ਅਫ਼ਰੀਕਾ ਮਹਾਂਦੀਪ ਦੇ ਦੇਸ਼ ਗਾਂਬੀਆ ਦਾ ਉੱਚ ਪੱਧਰੀ ਵਫ਼ਦ ਗੁਰਪ੍ਰੀਤ ਸਿੰਘ ਦੇ ਖੇਤਾਂ ਵਿਚ ਆ ਕੇ ਉਸ ਤੋਂ ਫੁੱਲਾਂ ਦੀ ਖੇਤੀ ਕਰਨ ਦੇ ਨਵੇਂ-ਨਵੇਂ ਗੁਰ ਸਿੱਖ ਕੇ ਗਿਆ ਹੈ।
ਬਾਗ਼ਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ, ਗੁਰਪ੍ਰੀਤ ਦੀ ਸਿਫ਼ਤ ਕਰਦਿਆਂ ਆਖਦੇ ਹਨ ਕਿ ਉਸ ਦਾ ਕੰਮ ਸੱਚਮੁੱਚ ਖੋਜ ਭਰਪੂਰ ਹੈ। ਗੁਰਪ੍ਰੀਤ ਨੇ ਰਹਿੰਦ-ਖੂੰਹਦ ਨੂੰ ਵਰਮੀ ਕੰਪੋਸਟ ਤਿਆਰ ਕਰਨ ਲਈ ਵਰਤਿਆ ਹੈ ਤੇ ਉਸ ਦੇ ਫੁੱਲਾਂ ਦੀ ਕੁਆਲਿਟੀ ਅੱਵਲ ਦਰਜੇ ਦੀ ਰਹੀ ਹੈ। ਡਾ. ਗੁਰਕੰਵਲ ਅਨੁਸਾਰ ਪੰਜਾਬ ਦੇ ਕਿਸਾਨਾਂ ਨੂੰ ਉਸ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ।
ਇਹ ਮਿਲੇ ਨੇ ਸਨਮਾਨ
ਗੁਰਪ੍ਰੀਤ ਦੀ ਮਿਹਨਤ ਤੇ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਇੰਡੀਅਨ ਕੌਂਸਲ ਫ਼ਾਰ ਐਗਰੀਕਲਚਰ ਰਿਸਰਚ ਵਰਗੀ ਨਾਮੀ ਸੰਸਥਾ ਨੇ ਉਸ ਨੂੰ ਖੇਤੀ ਵਿਭਿੰਨਤਾ ਲਈ ਦਿੱਤੇ ਜਾਂਦੇ ਐਨ.ਜੀ. ਰੰਗਾ ਕਿਸਾਨ ਪੁਰਸਕਾਰ 2014 ਨਾਲ ਨਿਵਾਜਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਸੀ.ਏ.ਆਰ. ਦੇ 2015 ‘ਚ ਪਟਨਾ ਵਿਖੇ ਹੋਏ ਸਮਾਗਮ ‘ਚ ਇਹ ਪੁਰਸਕਾਰ ਗੁਰਪ੍ਰੀਤ ਸਿੰਘ ਨੂੰ ਭੇਟ ਕੀਤਾ।
ਏਨਾ ਹੀ ਨਹੀਂ ਆਈ.ਸੀ.ਏ.ਆਰ. ਵੱਲੋਂ ਉਸ ਨੂੰ 2012 ਲਈ ਜਗਜੀਵਨ ਰਾਮ ਪ੍ਰਗਤੀਸ਼ੀਲ ਕਿਸਾਨ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ। ਹੁਣ ਖੇਤੀਬਾੜੀ ਖੋਜ ਨਾਲ ਸਬੰਧਿਤ ਦੇਸ਼ ਦੀ ਸ਼ਾਇਦ ਹੀ ਕੋਈ ਖੋਜ ਸੰਸਥਾ ਹੋਵੇ, ਜਿੱਥੇ ਗੁਰਪ੍ਰੀਤ ਦੇ ਉੱਦਮ ਦੀ ਜੈ-ਜੈ ਕਾਰ ਨਾ ਹੋਈ ਹੋਵੇ। ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਦਾ ਪ੍ਰਗਤੀਸ਼ੀਲ ਕਿਸਾਨ ਪੁਰਸਕਾਰ 2015 ਅਤੇ ਫੈਲੋਸ਼ਿਪ ਫਾਰਮਰ ਐਵਾਰਡ 2016, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਬਾਗ਼ਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਸਮੇਤ ਅਨੇਕਾਂ ਮਾਣ ਸਨਮਾਨ ਗੁਰਪ੍ਰੀਤ ਦੀ ਝੋਲੀ ਪਏ ਹਨ।
ਇਸ ਤੋਂ ਇਲਾਵਾ ਆਈ.ਸੀ.ਏ.ਆਰ. ਦੀ ਕੌਮੀ ਸਲਾਹਕਾਰ ਕਮੇਟੀ, ਗਵਰਨਿੰਗ ਬੋਰਡ ਆਤਮਾ ਪਟਿਆਲਾ, ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੀ ਵਿਗਿਆਨਕ ਸਲਾਹਕਾਰ ਕਮੇਟੀ ਸਮੇਤ ਕਈ ਨਾਮੀ ਖੇਤੀ ਸੰਸਥਾਵਾਂ ਨੇ ਗੁਰਪ੍ਰੀਤ ਨੂੰ ਆਪਣਾ ਮੈਂਬਰ ਬਣਾਇਆ ਹੈ।
ਕਿਸਾਨਾਂ ਨੂੰ ਸੁਝਾਅ
ਗੁਰਪ੍ਰੀਤ ਦਾ ਸੁਝਾਅ ਹੈ ਕਿ ਜੇਕਰ ਕੋਈ ਕਿਸਾਨ ਫੁੱਲਾਂ ਦੀ ਖੇਤੀ ਸ਼ੁਰੂ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਗੇਂਦੇ ਦੇ ਫੁੱਲਾਂ ਤੋਂ ਕਾਸ਼ਤ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਲਾਗਤ ਬਹੁਤ ਘੱਟ ਹੈ। ਫਿਰ ਤਜਰਬਾ ਹਾਸਲ ਕਰਕੇ ਹੌਲੀ-ਹੌਲੀ ਹੀ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਅੱਜ ਜੇਕਰ ਗੁਰਪ੍ਰੀਤ ਨੂੰ ਫੁੱਲਾਂ ਦਾ ਸ਼ਹਿਨਸ਼ਾਹ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।