ਸੰਗਰੂਰ: ਦੇਸ਼ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਤੇ ਮੰਗ ਪੱਤਰ ਸੌਂਪੇ। ਇਸ ਦੌਰਾਨ ਚਾਰ ਗੰਨਾ ਕਿਸਾਨ ਐਸਡੀਐਮ ਧੂਰੀ ਦੇ ਦਫ਼ਤਰ ਦੀ ਛੱਤ ’ਤੇ ਚੜ੍ਹ ਗਏ ਤੇ ਆਪਣੀ ਬਕਾਇਆ ਰਕਮ ਲੈਣ ਦੀ ਮੰਗ ਨਾਲ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਪੈਟਰੋਲ ਦੀਆਂ ਬੋਤਲਾਂ ਵੀ ਨਾਲ ਫੜੀਆਂ ਸਨ। ਕਿਸਾਨ ਤੀਜੀ ਵਾਰ ਅਜਿਹੀ ਹੜਤਾਲ ਕਰ ਰਹੇ ਹਨ। ਧੂਰੀ ਵਿੱਚ ਗੰਨੇ ਦੀ ਫਸਲ ਦੇ 80 ਕਰੋੜ ਬਕਾਏ ਲਈ ਦੋ ਧਰਨੇ ਦਿੱਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਧਰਨਾ ਦੇ ਰਹੇ ਕਿਸਾਨ ਲੀਡਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲੀ ਜੂਨ ਤੋਂ ਉਨ੍ਹਾਂ ਨੂੰ ਝੋਨਾ ਲਾਉਣ ਦੀ ਇਜਾਜ਼ਤ ਦੇਵੇ ਕਿਉਂਕਿ ਦੇਰ ਨਾਲ ਝੋਨਾ ਲਾਉਣ ਨਾਲ ਉਨ੍ਹਾਂ ਦੀ ਫਸਲ ’ਚ ਨਮੀ ਵੱਧ ਜਾਂਦੀ ਹੈ। ਮੰਡੀਆਂ ਚ ਫਸਲ ਦੀ ਚੁਕਾਈ ਸਮੇਂ ਸਿਰ ਨਹੀਂ ਹੁੰਦੀ ਜਿਸ ਕਾਰਨ ਕਿਸਾਨ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ।
ਇਸ ਮੌਕੇ ਧੂਰੀ ਵਿੱਚ ਧਰਨਾ ਦੇ ਰਹੇ ਕਿਸਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਉਨ੍ਹਾਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਲਫਾਸ ਖਾ ਕੇ ਆਪਣੀ ਜਾਨ ਦੇ ਦੇਣਗੇ। ਕਿਸਾਨ ਸਲਫਾਸ ਦੀਆਂ ਗੋਲ਼ੀਆਂ ਆਪਣੇ ਨਾਲ ਲੈ ਕੇ ਧਰਨਾ ਦੇ ਰਹੇ ਸਨ।
ਮਾਰਚ 7 ਤੋਂ ਸੰਗਰੂਰ-ਧੂਰੀ ਮਾਰਗ ’ਤੇ ਗੰਨਾ ਕਿਸਾਨ ਆਪਣੇ ਪਰਿਵਾਰਾਂ ਸਮੇਤ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹਨ। ਇਨ੍ਹਾਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਬੀਕੇਯੂ (ਲੱਖੋਵਾਲ) ਲੀਡਰ ਉਜਾਗਰ ਸਿੰਘ ਨੇ ਵੀ ਬੀਕੇਯੂ (ਰਾਜੇਵਾਲ), ਕੁਲ ਹਿੰਦ ਕਿਸਾਨ ਸਭਾ ਪੰਜਾਬ, ਕਿਸਾਨ ਮੁਕਤੀ ਮੋਰਚਾ ਤੇ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸੰਗਠਨਾਂ ਦੇ ਸਮਰਥਨ ਨਾਲ ਸ਼ੂਗਰ ਮਿੱਲ ਦੇ ਸਾਹਮਣੇ ਅਣਮਿਥੇ ਸਮੇਂ ਸਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।