ਚੰਡੀਗੜ੍ਹ: ਇਸ ਵਾਰ ਮੌਸਮ ਕਣਕ ਦਾ ਸੀਜ਼ਨ ਲੇਟ ਕਰ ਸਕਦਾ ਹੈ ਪਰ ਝਾੜ ਸਾਰੇ ਰਿਕਾਰਡ ਤੋੜ ਸਕਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਅਨਾਜ ਮੰਡੀਆਂ ਵਿੱਚ ਪਹਿਲੀ ਅਪਰੈਲ ਤੱਕ ਆਉਣ ਦੀ ਬਜਾਏ ਦੋ ਹਫ਼ਤੇ ਹੋਰ ਪੱਛੜ ਕੇ ਆਉਣ ਦੀ ਸੰਭਾਵਨਾ ਹੈ। ਫਸਲ ਨੂੰ ਪੱਕਣ ਲਈ ਵੱਧ ਸਮਾਂ ਮਿਲਣ ਕਰਕੇ ਕਣਕ ਦਾ ਝਾੜ ਵਧੇਗਾ।
ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲਾਂ ਦੌਰਾਨ ਮਾਰਚ ਦੇ ਅਖ਼ਰੀਲੇ ਦਿਨਾਂ ਵਿੱਚ ਕਣਕ ਦੀ ਵਾਢੀ ਆਰੰਭ ਹੋ ਜਾਂਦੀ ਹੈ ਪਰ ਇਸ ਵਾਰ ਮੌਸਮ ਵਿੱਚ ਰਾਤ ਦੀ ਠੰਢ ਰਹਿਣ ਕਾਰਨ ਕਣਕਾਂ ਅਜੇ ਕੱਚੀਆਂ ਦਿਖਾਈ ਦੇ ਰਹੀਆਂ ਹਨ। ਕਣਕ ਦਾ ਦਾਣਾ ਪੱਕਣ ਲਈ ਵੱਧ ਸਮਾਂ ਤਾ ਤਾਪਮਾਨ ਹੋਣ ਕਰਕੇ ਝਾੜ ਚੰਗਾ ਨਿਕਲਣ ਦੀ ਪੂਰੀ ਸੰਭਾਵਨਾ ਹੈ।
ਖੇਤੀਬਾੜੀ ਵਿਭਾਗ ਦੇ ਬਠਿੰਡਾ ਸਥਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਚ ਲਗਾਤਾਰ ਠੰਢ ਬਣੀ ਰਹਿਣ ਕਾਰਨ ਕਣਕ ਦੀ ਵਾਢੀ ਪਿਛਲੇ ਸਾਲਾਂ ਦੇ ਮੁਕਾਬਲੇ ਭਾਵੇਂ ਲੇਟ ਹੋ ਗਈ ਹੈ, ਪਰ ਐਤਕੀ ਮੌਸਮ ਮੁਤਾਬਕ ਕਣਕ ਦੇ ਝਾੜ ਦੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜੇ ਜਾਣਗੇ। ਸਿੱਧੂ ਮੁਤਾਬਕ ਕਣਕ ਦੀ ਫਸਲ ਦੇ ਚੰਗੇ ਝਾੜ ਲਈ ਰਾਤ ਦਾ ਮੌਸਮ ਠੰਢਕ ਭਰਿਆ ਹੋਣਾ ਬੇਹੱਦ ਜ਼ਰੂਰੀ ਹੈ, ਜੋ ਇਸ ਵਾਰ ਚੱਲ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਦੇ ਅਖਰੀਲੇ ਹਫ਼ਤੇ ਕਣਕ ਦੀ ਹੱਥੀਂ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਇਹ ਵਾਢੀ ਪੂਰੇ ਖੇਤਰ ਵਿੱਚ ਕਿਧਰੇ ਵੀ ਸ਼ੁਰੂ ਨਾ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ।