ਹਰੀਕੇ : ਪੰਜਾਬ ਦਾ ਖ਼ਜ਼ਾਨਾ ਭਰਨ ਲਈ ਸਰਕਾਰ ਦੀ ਪਹਿਲਕਦਮੀ ਦੇ ਚੱਲਦਿਆਂ ਪੰਜਾਬ ਦੇ ਵਿੱਚ ਪੰਚਾਇਤੀ ਜਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੇ ਲਈ ਲਗਾਤਾਰ ਮੁਹਿੰਮ ਚਲ ਰਹੀ ਹੈ। ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਵਿਖੇ 90 ਏਕੜ ਦੇ ਕਰੀਬ ਜ਼ਮੀਨ ਦਾ ਕਬਜਾ ਛੁਡਵਾਇਆ ਗਿਆ ਹੈ। ਇਸ ਮੌਕੇ 'ਤੇ ਖੁਦ ਪਹੁੰਚੇ ਟਰਾਂਸਪੋਰਟ ਮੰਤਰੀ ਅਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਨਾਲ ਹੀ ਭਾਰੀ ਪੁਲਿਸ ਬਲ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਰਹੇ। 

 

ਕਿਸਾਨ ਗੁਰਜੰਟ ਸਿੰਘ ਨੇ ਮਾਲਕਾਨਾ ਹੱਕ ਜਤਾਉਂਦਿਆਂ ਕਿਹਾ ਕਿ ਇਸ 90 ਏਕੜ ਜ਼ਮੀਨ ਵਿਚੋਂ 12 ਏਕੜ ਜ਼ਮੀਨ ਨੂੰ 1983 ਤੋਂ 10000 ਦਾ ਪ੍ਰਤੀ ਏਕੜ ਦੀ ਖਰੀਦੀ ਹੋਈ ਹੈ ਅਤੇ ਇਸ ਜ਼ਮੀਨ 'ਤੇ ਖੇਤੀ ਕਰਦੇ ਹਨ। ਇਹ ਜ਼ਮੀਨ ਪਿਤਾ ਦੇ ਨਾਮ 'ਤੇ ਹੈ ਕਾਫੀ ਲੰਬੇ ਸਮੇਂ ਤੋਂ ਇੱਥੇ ਖੇਤੀ ਕਰਦੇ ਆ ਰਹੇ ਹਨ। ਕਿਸਾਨ ਨੇ ਕਿਹਾ ਘਰ ਦਾ ਪਾਲਣ-ਪੋਸ਼ਣ ਇਸ ਜ਼ਮੀਨ ਤੋਂ ਚਲਦਾ ਸੀ।

 

ਓਧਰ ਟਰਾਂਸਪੋਰਟ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹਰੀਕੇ ਦੇ ਵਿਚ 90 ਏਕੜ ਦੇ ਲਗਭਗ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਸੀ, ਉਸ ਨੂੰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਨਾਲ ਛੁਡਵਾ ਲਿਆ ਗਿਆ ਹੈ। ਪੂਰੇ ਪੰਜਾਬ ਵਿਚ ਜਿਨੇਂ ਪੰਚਾਇਤੀ ਜ਼ਮੀਨਾਂ ਹਨ, ਇਸ ਤਰ੍ਹਾਂ ਹੀ ਛਡਵਾਇਆ ਜਾਣਗੀਆਂ। 

 

ਨਾਲ ਹੀ ਭੁੱਲਰ ਨੇ ਕਿਹਾ ਕਿ ਚਾਹੇ ਕਬਜ਼ਾਧਾਰੀਆਂ ਦੇ ਕੋਲ ਅਦਾਲਤੀ ਸਟੇਅ ਆਰਡਰ ਦੀ ਆੜ ਵਿੱਚ ਕੁਝ ਸਮੇਂ ਜ਼ਮੀਨ  ਵਾਹੀ ਤਾਂ ਜਾ ਸਕਦੀ ਹੈ ਪਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਜ਼ਮੀਨ ਦਾ ਮਾਲਕਾਨਾਂ ਹੱਕ ਸਰਕਾਰ ਦੀ ਹੀ ਰਹੇਗੀ ,ਕੋਈ ਇਨ੍ਹਾਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਹਨਾਂ ਕਿਹਾ ਪੰਜਾਬ ਦੇ ਖਜਾਨੇ ਤੇ 3 ਲੱਖ ਕਰੋੜ ਤੋਂ ਵੱਧ ਚੜੇ ਕਰਜ਼ੇ ਨੂੰ ਉਤਾਰਣ ਲਈ ਪੰਚਾਇਤੀ ਜ਼ਮੀਨ ਦਾ ਮਾਲੀਆਂ ਵੱਡਾ ਰੋਲ ਅਦਾ ਕਰੇਗਾ। 

 

ਦੂਸਰੇ ਪਾਸੇ ਡੀਡੀਪੀਓ ਸਤੀਸ਼ ਕੁਮਾਰ ਨੇ ਕਿਹਾ ਇਸ ਜ਼ਮੀਨ ਦਾ ਫ਼ੈਸਲਾ 2018 ਵਿੱਚ ਕਲੈਕਟਰ ਦੀ ਅਦਾਲਤ ਵਿੱਚੋ ਪੰਚਾਇਤ ਦੇ ਹੱਕ ਵਿੱਚ ਹੋ ਚੁੱਕਾ ਹੈ ਪਰ ਕੁਝ ਕਾਰਨਾਂ ਕਰਕੇ ਇਹ ਜ਼ਮੀਨ ਇੰਨੇ ਚਿਰ ਤੋਂ ਛੁਡਵਾਈਆਂ ਨਹੀਂ ਜਾ ਸਕੀ ਪਰ ਹੁਣ ਇਹ ਜ਼ਮੀਨ ਛੁਡਾ ਲਈ ਗਈ ਹੈ। ਭਾਰੀ ਪੁਲਿਸ ਬਲ ਦੇ ਨਾਲ ਮੌਕੇ 'ਤੇ ਪਹੁੰਚੇ ਡੀ ਐਸ ਪੀ ਪੱਟੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਪੰਚਾਇਤੀ ਜ਼ਮੀਨ ਨੂੰ ਛੁਡਵਾਇਆ ਗਿਆ ਹੈ। ਇਸ ਲਈ ਪੁਲਿਸ ਦੇ ਨਾਲ ਇਥੇ ਪਹੁੰਚੇ ਹਾਂ ਅਤੇ ਜ਼ਮੀਨ ਨੂੰ ਛੁਡਵਾਇਆ ਗਿਆ ਹੈ।