ਲੁਧਿਆਣਾ : ਅੱਜ ਕਿਸਾਨ ਜਥੇਬੰਦੀਆਂ ਦੀ ਲੁਧਿਆਣਾ ਵਿੱਚ ਅਹਿਮ ਬੈਠਕ ਹੋਈ ਹੈ। ਹਾਲਾਂਕਿ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਗਿਆ। ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਕੌਮੀ ਕਮੇਟੀ ਦੇ ਮੈਂਬਰ ਚਲੇ ਗਏ। ਯੋਗਿੰਦਰ ਯਾਦਵ ,ਰਾਕੇਸ਼ ਟਿਕੈਤ ਅਤੇ ਦਿੱਲੀ ਤੋਂ ਆਏ ਲੀਡਰ ਵਾਪਿਸ ਚਲੇ ਗਏ। ਮੀਡੀਆ ਅੱਗੇ ਬੋਲਣ ਲਈ ਵੀ ਪਹਿਲਾਂ ਕੋਈ ਤਿਆਰ ਨਹੀਂ ਸੀ ਪਰ ਬਾਅਦ ਵਿੱਚ ਕਿਸਾਨ ਆਗੂਆਂ ਨੇ ਆਪਸ ਵਿੱਚ ਮੀਟਿੰਗ ਕਰਕੇ ਕੁਝ ਮੁੱਦਿਆਂ 'ਤੇ ਮੀਡੀਆ ਨਾਲ ਗੱਲਬਾਤ ਕੀਤੀ। 

 

ਕਿਸਾਨ ਅੰਦੋਲਨ 'ਚ ਇਕੱਠੇ ਹੋਏ ਪੈਸਿਆਂ ਦਾ ਮੁੱਦਾ 

 

ਪ੍ਰੈੱਸ ਕਾਨਫਰੰਸ ਦੇ ਆਖਰ ਵਿੱਚ ਪੁੱਛੇ ਗਏ ਸਵਾਲ 'ਤੇ ਕਿਸਾਨ ਆਗੂ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਦਰਅਸਲ ਕਿਸਾਨ ਅੰਦੋਲਨ ਦੇ ਦੌਰਾਨ ਐੱਸਕੇਐੱਮ ਨੇ ਫ਼ੈਸਲਾ ਲਿਆ ਸੀ ਕਿ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਸ਼ਹਾਦਤ ਹੋਈ ਹੈ , ਉਨ੍ਹਾਂ ਦੇ ਪਰਿਵਾਰਾਂ ਨੂੰ ਦੋ -ਦੋ ਲੱਖ ਰੁਪਏ ਦੀ ਮਦਦ ਕੀਤੀ ਜਾਵੇਗੀ ਅਤੇ ਇਸ ਨੂੰ ਲੈ ਕੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਪੈਸੇ ਸੰਯੁਕਤ ਸਮਾਜਕ ਮੋਰਚੇ ਦੇ ਕੋਲ ਹੈ, ਅਸੀਂ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਇਹ ਦੱਸਿਆ ਸੀ ਕਿ ਅੰਦੋਲਨ 'ਤੇ ਜੋ ਖਰਚਾ ਹੋਇਆ ,ਉਸ ਤੋਂ ਬਾਅਦ ਜੋ ਪੈਸੇ ਬਚੇ ਹਨ। ਉੱਥੇ ਹੀ ਦੂਜੇ ਪਾਸੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਇਹ ਪੈਸੇ ਚੋਣਾਂ ਦੇ ਵਿੱਚ ਖਰਚੇ ਗਏ ਨੇ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ। 

 

ਪੰਚਾਇਤੀ ਜ਼ਮੀਨਾਂ ਦਾ ਮੁੱਦਾ 

 

ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਛੁਡਵਾਉਣ ਦੀਆਂ ਕਾਰਵਾਈਆਂ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਨੂੰ ਸਹੀ ਨਹੀਂ ਲੱਗ ਰਹੀ। ਉਨ੍ਹਾਂ ਨੇ ਕਿਹਾ ਕਿ ਖਰੜ -ਮੁਹਾਲੀ -ਚੰਡੀਗੜ੍ਹ ਇਲਾਕੇ ਦੇ ਵਿੱਚ ਵੱਡੇ ਵੱਡੇ ਲੀਡਰਾਂ ਨੇ ਵੱਡੇ -ਵੱਡੇ ਪੁਲੀਸ ਅਫ਼ਸਰਾਂ ਦੀ ਮਦਦ ਨਾਲ ਹਜ਼ਾਰਾਂ ਏਕੜ ਜ਼ਮੀਨ ਦੱਬੀ ਹੋਈ ਹੈ। ਇਸ 'ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੁਲਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ,ਜੋ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਛੁਡਵਾਈ ਜਾ ਰਹੀ ਹੈ, ਉਸ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਜਿਵੇਂ ਕੋਈ ਵਿਧਵਾ ਜਾਂ ਫਿਰ ਕੋਈ ਆਰਥਿਕ ਪੱਖੋਂ ਕਮਜ਼ੋਰ ਹੈ ਤੇ ਉਸ ਜ਼ਮੀਨ 'ਤੇ ਖੇਤੀ ਕਰ ਰਿਹਾ ਹੋਵੇਗਾ ਤਾਂ ਉਸ ਸਬੰਧੀ ਕਮੇਟੀ ਸਰਕਾਰ ਨੂੰ ਸਿਫਾਰਿਸ਼ ਕਰੇਗੀ ਅਤੇ ਜੇਕਰ ਸਰਕਾਰ ਇਸ ਨੂੰ ਕਾਨੂੰਨੀ ਤੌਰ 'ਤੇ ਅਮਲੀ ਜਾਮਾ ਨਹੀਂ ਪਹਿਨਾ ਸਕਦੀ ਤਾਂ ਉਹ ਵਿਧਾਨ ਸਭਾ ਦੇ ਵਿੱਚ ਇਸ ਸਬੰਧੀ ਤਜਵੀਜ਼ ਲੈ ਕੇ ਆਉਣਗੇ। 

 

8 ਜੂਨ ਨੂੰ ਹੋਵੇਗੀ ਕੌਮੀ ਮੀਟਿੰਗ 

 

ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਹੈ ਕਿ ਅੱਠ ਜੂਨ ਨੂੰ ਸਾਡੀ ਕੌਮੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਪੂਰੇ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਅਸੀਂ ਲਖੀਮਪੁਰ ਖੀਰੀ ਅਤੇ ਮੁੱਖ ਤੌਰ 'ਤੇ ਐੱਮਐੱਸਪੀ ਦੇ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ ਅਤੇ ਜੇਕਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣਾ ਹੋਇਆ ਤਾਂ ਉਸ ਸਬੰਧੀ ਵੀ ਇਸ ਮੀਟਿੰਗ ਦੇ ਵਿੱਚ ਹੀ ਫੈਸਲਾ ਲਿਆ ਜਾਵੇਗਾ। ਨ੍ਹਾਂ ਕਿਹਾ ਕਿ ਇਹ ਮੀਟਿੰਗ ਕੌਮੀ ਪੱਧਰ ਦੀ ਹੋਵੇਗੀ ਜਿਸ ਵਿੱਚ ਸਾਰੇ ਹੀ ਲੀਡਰ,ਕਿਸਾਨ ਜਥੇਬੰਦੀਆਂ ਆਦਿ ਸ਼ਾਮਲ ਹੋਣਗੀਆਂ। 

 

ਸੰਗਰੂਰ ਚੋਣਾਂ 'ਤੇ ਚੁੱਪੀ 

 

ਉੱਧਰ ਦੂਜੇ ਪਾਸੇ ਜਦੋਂ ਰਾਜੇਵਾਲ ਦੇ ਸੰਗਰੂਰ ਚੋਣਾਂ ਵਿਚ ਸ਼ਮੂਲੀਅਤ ਕਰਨ ਸਬੰਧੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਅਸੀਂ ਹੁਣ ਕੀ ਕਹਿ ਸਕਦੇ ਹਾਂ।  ਉੱਥੇ ਹੀ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੰਗਰੂਰ ਚੋਣਾਂ ਦੇ ਦੌਰਾਨ ਬਾਈਕਾਟ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਦੋ ਮਹੀਨੇ ਹੀ ਹੋਏ ਹਨ , ਅਸੀਂ ਪਹਿਲਾਂ ਹੀ ਸਰਕਾਰ ਨੂੰ ਘੇਰ ਚੁੱਕੇ ਹਾਂ ਅਤੇ ਸਰਕਾਰ ਦੇ ਖਿਲਾਫ਼ ਮੋਰਚਾ ਵੀ ਲਗਾ ਚੁੱਕੇ ਹਾਂ। 

 

ਸ਼ਹੀਦ ਪਰਿਵਾਰਾਂ ਦੀ ਨੌਕਰੀ ਅਤੇ ਮੁਆਵਜ਼ਾ ਦੇਣ ਦਾ ਮੁੱਦਾ 

 

ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਲਵਾਉਣ ਦੇ ਮੁੱਦੇ ਅਤੇ ਮੁਆਵਜ਼ਾ ਦੇਣ ਦੇ ਮਾਮਲੇ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਸਾਰਿਆਂ ਨੂੰ ਚੈੱਕ ਭੇਂਟ ਕਰ ਦਿੱਤੇ ਗਏ ਹਨ ਅਤੇ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ, ਜਦੋਂ ਕਿ ਸਾਡੀ ਸੂਬਾ ਸਰਕਾਰ ਨੇ ਇਸ ਸਬੰਧੀ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਜੋ ਚੈੱਕ ਵੰਡੇ ਵੀ ਗਏ ਨੇ ਉਨ੍ਹਾਂ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵੱਡੀ ਤਦਾਦ ਅਜਿਹੇ ਸ਼ਹੀਦ ਪਰਿਵਾਰਾਂ ਦੀ ਹੈ, ਜਿਨ੍ਹਾਂ ਨੂੰ ਹਾਲੇ ਤੱਕ ਨੌਕਰੀ ਨਹੀਂ ਮਿਲੀ, ਉਨ੍ਹਾਂ ਕਿਹਾ ਇਸ ਸਬੰਧੀ ਵੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ।