ਚੰਡੀਗੜ੍ਹ: ਵਾਢੀਆਂ ਸਮੇਂ ਅੱਗ ਲੱਗਣ ਕਾਰਨ ਹਰ ਵਾਰ ਸੈਂਕੜੇ ਏਕੜ ਫ਼ਸਲ ਸੜ ਕੇ ਸੁਆਹ ਹੋ ਜਾਂਦੀ ਹੈ। ਅੱਗ ਲੱਗਣ ਦਾ ਕਾਰਨ ਜ਼ਿਆਦਾਤਰ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਚੰਗਿਆੜੀਆਂ ਦਾ ਪੈਦਾ ਹੋਣਾ ਹੁੰਦਾ ਹੈ। ਪੰਜਾਬ ਦੀ ਵਿਰੋਧੀ ਧਿਰ 'ਆਪ' ਨੇ ਅਜਿਹੇ ਮਾਮਲਿਆਂ ਵਿੱਚ ਸਰਕਾਰ ਤੋਂ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਆਮ ਆਦਮ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਵੀਰ ਸਿੰਘ ਤੇ ਹੋਰਨਾਂ ਵੱਲੋਂ ਜਾਰੀ ਬਿਆਨ ਮੁਤਾਬਕ ਵਾਢੀ ਲਈ ਤਿਆਰ ਕਿਸਾਨਾਂ ਦੀ ਪੱਕੀ-ਪਕਾਈ ਕਣਕ ਲਈ ਬਿਜਲੀ ਮਹਿਕਮੇ ਦੀ ਲਾਪਰਵਾਹੀ ਅੱਗ ਦੀ ਤੀਲ੍ਹੀ ਦਾ ਕੰਮ ਕਰ ਰਹੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਜਦੋਂ ਖੇਤਾਂ 'ਚ ਪੱਕੀ ਫ਼ਸਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਸ਼ਾਰਟ ਸਰਕਟ ਨਾਲ ਸੜ ਕੇ ਸਵਾਹ ਹੋ ਰਹੀਆਂ ਹਨ ਤਾਂ ਇਸ ਨੁਕਸਾਨ ਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਸਰਕਾਰ ਹੈ ਤੇ ਸਰਕਾਰ ਪੀੜਤ ਕਿਸਾਨਾਂ ਨੂੰ ਉਸ ਇਲਾਕੇ ਦੇ ਪ੍ਰਤੀ ਏਕੜ ਔਸਤਨ ਝਾੜ ਦੇ ਹਿਸਾਬ ਨਾਲ 100 ਪ੍ਰਤੀਸ਼ਤ ਮੁਆਵਜ਼ਾ ਦੇਵੇ।
ਡਾ. ਬਲਵੀਰ ਸਿੰਘ ਨੇ ਮੰਗ ਕੀਤੀ ਕਿ ਨਾ ਕੇਵਲ ਕਣਕ ਦੀ ਫ਼ਸਲ ਬਲਕਿ ਸ਼ਾਰਟ ਸਰਕਟ ਕਾਰਨ ਸੜਨ ਵਾਲੇ ਨਾੜ ਦਾ ਵੀ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਦੇ ਡੰਗਰ-ਪਸ਼ੂਆਂ ਲਈ ਤੂੜੀ ਕਣਕ ਦੇ ਨਾੜ ਤੋਂ ਹੀ ਤਿਆਰ ਹੁੰਦੀ ਹੈ। ਉਨ੍ਹਾਂ ਅੱਗ ਨਾਲ ਨੁਕਸਾਨੀ ਜਾ ਰਹੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਕਿ ਪੀੜਤ ਕਿਸਾਨ ਸਰਕਾਰੀ ਰਿਕਾਰਡ ਉੱਤੇ ਆ ਸਕਣ ਅਤੇ ਮੁਆਵਜ਼ੇ ਤੋਂ ਵਾਂਝੇ ਨਾ ਰਹਿਣ।
ਆਪ ਲੀਡਰਾਂ ਨੇ ਦੋਸ਼ ਲਾਇਆ ਕਿ ਸ਼ਾਰਟ ਸਰਕਟ ਜਾਂ ਕਿਸੇ ਹੋਰ ਲਾਪਰਵਾਹੀ ਕਾਰਨ ਹਰ ਸਾਲ ਹਜ਼ਾਰਾਂ ਏਕੜ ਕਣਕ ਤੇ ਹੋਰ ਫ਼ਸਲਾਂ ਅੱਗ ਦੀ ਚਪੇਟ 'ਚ ਆ ਰਹੀਆਂ ਹਨ ਪਰ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਜਿਹੇ ਸੰਭਾਵਿਤ ਖ਼ਤਰੇ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਇੱਥੋਂ ਤੱਕ ਕਿ ਦਿਹਾਤੀ ਖੇਤਰਾਂ ਲਈ ਫਾਇਰ ਬ੍ਰਿਗੇਡ ਗੱਡੀਆਂ ਦਾ ਉੱਕਾ ਹੀ ਪ੍ਰਬੰਧ ਨਹੀਂ ਹੈ ਜਦਕਿ ਇਹ ਜ਼ਿੰਮੇਵਾਰੀ ਪੰਜਾਬ ਮੰਡਲ ਬੋਰਡ ਦੀ ਬਣਦੀ ਹੈ ਜੋ ਹਰ ਫ਼ਸਲ 'ਤੇ ਵਭਿੰਨ ਤਰ੍ਹਾਂ ਦੇ ਭਾਰੀ ਟੈਕਸ ਵਸੂਲ ਕਰ ਰਿਹਾ ਹੈ।
ਡਾ. ਬਲਵੀਰ ਸਿੰਘ ਨੇ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ 'ਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਜਿਹੇ ਪੀੜਤ ਕਿਸਾਨਾਂ ਦੀ ਸਾਂਝੀ ਮਦਦ ਕਰਨ ਲਈ ਵੀ ਅੱਗੇ ਆਉਣ।
ਪਿਛਲੇ ਦਿਨਾਂ ਦੌਰਾਨ ਫ਼ਿਰੋਜ਼ਪੁਰ ਦੇ ਵਾਲਿਆਂ 'ਚ 8 ਕਨਾਲ, ਪਟਿਆਲਾ ਦੇ ਲਚਕਾਣੀ 'ਚ 53 ਵਿੱਘੇ, ਸੰਗਰੂਰ ਦੇ ਅਮਰਗੜ੍ਹ ਦੇ ਪਿੰਡਾਂ ਦੌਲੇਵਾਲਾ ਅਤੇ ਹੁਸੈਨਪੁਰਾ 'ਚ 120 ਏਕੜ, ਬਰੇਟਾ 'ਚ 12 ਏਕੜ ਅਤੇ ਮੰਡੀ ਗੋਬਿੰਦਗੜ੍ਹ ਦੇ ਡਡਹੇੜੀ ਪਿੰਡ 'ਚ 26 ਏਕੜ ਕਣਕ ਸਮੇਤ ਸੈਂਕੜੇ ਏਕੜ ਨਾੜ ਸੜਨ ਦੀਆਂ ਖ਼ਬਰਾਂ ਹਨ।