ਚੰਡੀਗੜ੍ਹ: ਮਾਨਸਾ ਜ਼ਿਲ੍ਹੇ ਦੇ ਦੋ ਪਿੰਡਾਂ ਘਰਾਂਗਣਾ ਅਤੇ ਡੇਲੂਆਣਾ ਵਿੱਚ ਦੋ ਵੱਖ-ਵੱਖ ਨਹਿਰਾਂ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਰਕਬੇ ਵਿੱਚ ਤਾਜ਼ਾ ਬੀਜੀ ਕਣਕ ਪਾਣੀ ਵਿੱਚ ਡੁੱਬ ਗਈ। ਪਿੰਡ ਘਰਾਂਗਣਾ ਨੇੜੇ ਰਜਵਾਹੇ ਵਿੱਚ ਪਾੜ ਪੈ ਜਾਣ ਨਾਲ ਕਿਸਾਨਾਂ ਦੀ ਬੀਜੀ ਕਰੀਬ 400 ਏਕੜ ਕਣਕ ਦਾ ਨੁਕਸਾਨ ਹੋ ਗਿਆ ਤੇ ਪਿੰਡ ਡੇਲੂਆਣਾ ਵਿੱਚ ਉਡਤ ਬਰਾਂਚ ਵਿੱਚ ਪਾੜ ਪੈਣ ਕਾਰਨ ਦੂਰ-ਦੂਰ ਤੱਕ ਪਾਣੀ ਫੈਲ ਗਿਆ।
ਕਿਸਾਨਾਂ ਨੇ ਦੱਸਿਆ ਕਿ ਇਸ ਪਾੜ ਨੇ ਤਾਜ਼ਾ ਬੀਜੀ ਸਬਜ਼ੀ, ਕਣਕ, ਬਰਸੀਨ ਅਤੇ ਜਵੀ ਸਮੇਤ ਖੇਤਾਂ ਵਿੱਚ ਖੜ੍ਹੇ ਨਰਮੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਨਹਿਰੀ ਕਾਮੇ ਨਹਿਰਾਂ ਬੰਦ ਕਰਨ ਲਈ ਨਹੀਂ ਪੁੱਜੇ।
ਗੁੱਸੇ ਵਿੱਚ ਆਏ ਕਿਸਾਨਾਂ ਨੇ ਸਿਰਸਾ-ਬਰਨਾਲਾ ਮੁੱਖ ਸੜਕ ਤੇ ਧਰਨਾ ਲਾ ਦਿੱਤਾ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਅਤੇ ਮੇਜਰ ਸਿੰਘ ਦੂਲੋਵਾਲ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਹਿਰਾਂ ਦੀ ਸਮੇਂ ਸਿਰ ਸਫਾਈ ਨਾ ਕਰਵਾਏ ਜਾਣ ਕਰਕੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਗਪਗ 1 ਮਹੀਨੇ ਤੋਂ ਬਾਅਦ ਨਹਿਰਾਂ ਵਿੱਚ ਬਿਨਾਂ ਸਫਾਈ ਕਰਵਾਇਆਂ ਹੀ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਨਹਿਰਾਂ ਓਵਰਫਲੋਅ ਹੋ ਕੇ ਟੁੱਟਣ ਨਾਲ ਪਿੰਡ ਘਰਾਂਗਣਾ ਦਾ ਤਕਰੀਬਨ 400 ਏਕੜ ਅਤੇ ਪਿੰਡ ਡੇਲੂਆਣਾ ਦਾ ਲਗਪਗ 100 ਏਕੜ ਰਕਬਾ ਨੁਕਸਾਨਿਆ ਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਇਹ ਪਾਣੀ ਬੰਦ ਕਰਵਾ ਕੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਪਿੰਡ ਕੋਟ ਧਰਮੂ ਨੇੜੇ ਉੱਡਤ ਬਰਾਂਚ ਦੇ ਰਜਬਾਹੇ ਵਿੱਚ ਪਾੜ ਪੈਣ ਤੇ ਇਸ ਨੂੰ ਬੰਦ ਨਾ ਕਰਵਾਏ ਜਾਣ ਦੇ ਰੋਸ ਵਜੋਂ ਪਿੰਡ ਦੇ ਕਿਸਾਨਾਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵੱਖਰੇ ਤੌਰ ਉੱਤੇ ਮੁੱਖ ਸੜਕ ਉੱਤੇ ਧਰਨਾ ਲਾ ਦਿੱਤਾ।