ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦੇ ਬਾਵਜੂਦ ਕਿਸਾਨ ਜ਼ਮੀਨ ਨਹੀਂ ਵਾਹ ਰਹੇ। ਰੋਪੜ, ਫ਼ਤਿਹਗੜ੍ਹ ਸਾਹਿਬ, ਮੁਹਾਲੀ ਤੇ ਪਟਿਆਲਾ ਦੇ ਇੱਕ ਵੀ ਕਿਸਾਨ ਨੇ ਹੁਣ ਤੱਕ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ।

ਇਸ ਦਾ ਕਾਰਨ ਕਿਸਾਨਾਂ ਵਿੱਚ ਪਾਇਆ ਜਾ ਰਿਹਾ ਡਰ ਹੈ ਕਿਉਂਕਿ ਪਿਛਲੀ ਵਾਰ ਐਸ.ਵਾਈ.ਐਲ. ਨਹਿਰ ਮਿੱਟੀ ਨਾਲ ਭਰਨ ਕਾਰਨ ਕਿਸਾਨਾਂ 'ਤੇ ਹੋਏ ਪਰਚੇ ਦਰਜ ਹਾਲੇ ਤੱਕ ਖ਼ਤਮ ਨਹੀਂ ਹੋਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਡਰ ਹੈ ਕਿ ਜੇਕਰ ਉਹ ਖ਼ਰਚੇ ਕਰਕੇ ਨਹਿਰ ਭਰ ਵੀ ਲੈਂਦੇ ਹਨ ਤਾਂ ਕਿਤੇ ਅਦਾਲਤੀ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਨਾ ਆ ਜਾਵੇ ਤੇ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਣ।

ਦੂਜੇ ਪਾਸੇ ਸੂਤਰਾਂ ਮੁਤਾਬਕ ਨਹਿਰ ਨਾਲ ਸਬੰਧਤ ਚਾਰ ਜ਼ਿਲ੍ਹਿਆਂ ਦੇ ਕਿਸਾਨ ਜ਼ਮੀਨ ਦੀ ਫ਼ਰਦਾਂ ਲੈਣ ਨਹੀਂ ਆ ਰਹੇ। ਇਸ ਨੂੰ ਦੇਖਦੇ ਹੋਏ ਹੁਣ ਮੰਤਰੀ ਤੇ ਵਿਧਾਇਕ ਕਿਸਾਨਾਂ ਨੂੰ ਸਮਝਾਉਣਗੇ ਤੇ ਫ਼ਰਦਾਂ ਵੰਡਣਗੇ।

ਸੁਪਰੀਮ ਕੋਰਟ ਦੇ ਵਕੀਲ ਐਚ.ਐਸ. ਫੁਲਕਾ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਅਧਿਗ੍ਰਹਿਣ ਕਰਨ ਤੇ ਉਸ ਨੂੰ ਡੀਨੋਟੀਫਾਈ ਕਰਨ ਦੀ ਪਾਵਰ ਸਟੇਟ ਦੇ ਕੋਲ ਹੁੰਦੀ ਹੈ ਪਰ ਇਸ ਮਾਮਲੇ ਵਿੱਚ ਹਰਿਆਣਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵੀਰਵਾਰ ਕੀ ਫ਼ੈਸਲਾ ਲੈਂਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।