ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਨੇੜੇ ਆਉਦੀਆਂ ਦੇਖ ਮੁੱਖ ਮੰਤਰੀ ਬਾਦਲ ਨੇ ਖਜ਼ਾਨੇ ਦੇ ਮੂੰਹ ਆਪਣੇ ਵਿਧਾਨ ਸਭਾ ਹਲਕਾ ਲੰਬੀ ਵੱਲ ਖੋਲ੍ਹ ਦਿੱਤੇ ਹਨ। ਕੰਮਾਂ ਲਈ ਕਰੋੜਾਂ ਦੇ ਫੰਡ ਦੇਣ ਤੋਂ ਇਲਾਵਾ ਆਮ ਲੋਕਾਂ ਤੋਂ ਸਾਦੀ ਅਰਜ਼ੀ ਲੈ ਕੇ ਉਸ ਨੂੰ ਵੀ 5 ਤੋਂ 50 ਹਜ਼ਾਰ ਦੀ ਵਿੱਤੀ ਮਦਦ ਦੇ ਦਿੱਤੀ ਜਾਂਦੀ ਹੈ ਜਦਕਿ ਪਹਿਲਾਂ ਡੀਸੀ ਨੂੰ ਅਰਜ਼ੀ ਦਿੱਤੀ ਜਾਂਦੀ ਸੀ ਤੇ ਫਿਰ ਉਹ ਚੈੱਕ ਤਕਸੀਮ ਕਰਦੇ ਸਨ।


ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ 'ਚ 9 ਥਾਵਾਂ 'ਤੇ ਸੰਗਤ ਦਰਸ਼ਨ ਕੀਤੇ ਤੇ ਲੋਕਾਂ ਨੂੰ ਕਿਹਾ ਕਿ ਕੰਮ ਦੱਸੋ ਜੋ ਮੇਰੇ ਕਰਨ ਵਾਲਾ ਹੈ, ਭਾਵੇਂ ਸੋਨੇ ਦੀਆਂ ਇੱਟਾਂ ਲਵਾ ਲਉ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵਰਤੀ ਭਾਸ਼ਾ ਸਬੰਧੀ ਉਨ੍ਹਾਂ ਕਿਹਾ ਕਿ ਉਹ ਕੇਜਰੀ ਦਾ ਸਤਿਕਾਰ ਕਰਦੇ ਹਨ, ਕਹਿ ਦਿੱਤਾ ਤਾਂ ਕੋਈ ਗੱਲ ਨਹੀ। ਐੱਸਵਾਈਐੱਲ ਦੇ ਮਾਮਲੇ ਚ ਕੈਪਟਨ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਇੰਨੇ ਹੀ ਸੁਹਿਰਦ ਹਨ ਤਾਂ ਉਹਨਾਂ ਦੇ ਦੂਜੇ ਐਮਪੀ ਕਿਉ ਨਹੀ ਅਸਤੀਫਾ ਦਿਦੇ, ਨਾਲੇ ਦੋ ਮਹੀਨਿਆਂ ਨੂੰ ਤਾਂ ਸਾਰਿਆਂ ਦੇ ਆਪਣੇ ਆਪ ਹੀ ਅਸਤੀਫ਼ੇ ਹੋ ਜਾਣੇ ਆ।

ਅਕਾਲੀ ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ਿਆਂ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਆਸਤ 'ਚ ਆਉਣਾ ਜਾਣਾ ਤਾਂ ਆਮ ਗੱਲ ਹੈ ,ਜਿਸ ਦੀ ਇੱਛਾ ਪੂਰਤੀ ਨਹੀ ਹੁੰਦੀ , ਉਹ ਚਾਲੇ ਪਾ ਜਾਂਦਾ ਹੈ ਤੇ ਜਿਸ ਨੂੰ ਪਾਰਟੀ ਦੀਆਂ ਨੀਤੀਆਂ ਪਸੰਦ ਹੁੰਦੀਆਂ ਹਨ, ਉਹ ਆ ਜਾਂਦਾ ਹੈ।