ਲੁਧਿਆਣਾ: ਪੀਏਯੂ ਦੇ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਉਤੇ ਪੀਲੀ ਕੁੰਗੀ ਦਾ ਹਮਲਾ ਨਹੀਂ ਹੋਇਆ ਅਸਲ ਵਿੱਚ ਝੂਠੀ ਕਾਂਗਿਆਰੀ ਹੈ। ਉਨ੍ਹਾਂ ਕਿਹਾ ਕਿ ਪੀਲੀ ਕੁੰਗੀ ਕਣਕ ਦੀ ਬਿਮਾਰੀ ਹੈ ਜੋ ਝੋਨੇ ’ਤੇ ਹਮਲਾ ਨਹੀਂ ਕਰਦੀ।
ਡਾ. ਸੇਖੋਂ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਝੋਨੇ ਦੀਆਂ ਮੁੰਜਰਾਂ ਵਿੱਚ ਕੁਝ ਦਾਣੇ ਮੋਟੇ ਹੋ ਕੇ ਉੱਲੀ ਦੇ ਕਣਾਂ ਨਾਲ ਭਰ ਜਾਂਦੇ ਹਨ ਜੋ ਗੂੜੇ ਪੀਲੇ ਰੰਗ ਦੇ ਹੁੰਦੇ ਹਨ। ਇਹ ਬਿਮਾਰੀ ਆਮ ਤੌਰ ’ਤੇ ਮੁੰਜਰਾਂ ਨਿਕਲਣ ਸਮੇਂ ਝੋਨੇ ’ਤੇ ਹਮਲਾ ਕਰਦੀ ਹੈ। ਜੇਕਰ ਮੌਸਮ ਵਿੱਚ ਜ਼ਿਆਦਾ ਨਮੀ, ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਹੋਵੇ ਤਾਂ ਇਹ ਰੋਗ ਜਲਦੀ ਫੈਲਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਫ਼ਸਲ ਵਿੱਚ ਇਹ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਤਾਂ ਹੁਣ ਛਿੜਕਾਅ ਦੀ ਲੋੜ ਨਹੀਂ ਪਰ ਦੇਰੀ ਨਾਲ ਬੀਜੀ ਫ਼ਸਲ ਜੋ ਮੁੰਜਰਾਂ ਨਿਕਲਣ ਦੀ ਹਾਲਤ ਵਿੱਚ ਹੈ, ਉਥੇ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ।