ਚੰਡੀਗੜ੍ਹ- ਪੀ. ਏ. ਯੂ ਲੁਧਿਆਣਾ ਅਕਸਰ ਹੀ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਦੀਆਂ ਦਲੀਲਾਂ ਦਿੰਦੀ ਹੈ ਤੇ ਜਿਆਦਾਤਰ ਕਿਸਾਨ ਰਵਾਇਤੀ ਖੇਤੀ ਬਗੈਰ ਕੋਈ ਸਹਾਇਕ ਧੰਦਾ ਸ਼ੁਰੂ ਨਹੀ ਕਰਦੇ। ਪਰ ਜ਼ਿਲ੍ਹਾ ਫਿਰੋਜਪੁਰ ਦੇ ਪਿੰਡ ਗੁਰਾਲੀ ਦੇ ਕਿਸਾਨ ਗੁਰਦੀਪ ਸਿੰਘ ਨੰਬਰਦਾਰ ਨੇ ਪੀ.ਏ.ਯੂ ਦੀਆਂ ਦਲੀਲਾਂ ਮੰਨ ਕੇ ਮੌਸਮੀ ਖੁੰਬਾਂ ਦੀ ਉਤਪਾਦ ਕਾਸ਼ਤ ਤੋਂ ਸ਼ੁਰੂ ਹੋ ਕਿ ਜਿਥੇ ਇਕ ਸਫ਼ਲ ਖੁੰਬ ਉਤਪਾਦਕ ਕਾਸ਼ਤਕਾਰ ਵਜੋਂ ਨਾਮਣਾ ਕਮਾਇਆ ਹੈ ਉਥੇ ਵਿਸ਼ਾਲ ਖੁੰਬ (ਮਸ਼ਰੂਮ) ਫਾਰਮ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਚ ਅਜਿਹੇ ਫਾਰਮ ਵਿਰਲੀ ਟਾਵੇਂ ਹੀ ਹਨ ਉਝ ਜਿਆਦਾ ਕਿਸਾਨ ਮੌਸਮੀ ਖੁੰਬਾਂ ਤੱਕ ਦੀ ਕਾਸ਼ਤ ਤੱਕ ਹੀ ਸੀਮਤ ਰਹਿੰਦੇ ਹਨ।


ਸਹਾਇਕ ਧੰਦੇ ਨੇ 60 ਪਰਿਵਾਰਾਂ ਨੂੰ ਵੀ ਦਿਤਾ ਰੁਜਗਾਰ  


20 ਸਾਲ ਲਗਾਤਾਰ ਪਿੰਡ ਗਰਾਰੀ ਤਹਿਸੀਲ ਜੀਰਾ ਦੇ ਸਰਪੰਚ ਰਹੇ ਗੁਰਦੀਪ ਸਿੰਘ ਨੇ ਆਪਣੇ ਪੂਰੇ ਪਰਿਵਾਰ ਦੇ ਸਹਿਯੋਗ ਨਾਲ 2003 ਵਿਚ ਮੌਸਮੀ ਖੁੰਬਾ ਦਾ ਉਤਪਾਦ ਕੀਤਾ ਸੀ ਅਤੇ ਉਸ ਵਕਤ 20 ਕੁਇੰਟਲ ਤੂੜੀ ਦੀ ਲਾਗਤ ਹੁੰਦੀ ਸੀ। ਇਹ ਕਿੱਤਾ ਉਨ੍ਹਾਂ ਨੇ ਪੀ.ਏ.ਯੂ ਦੀਆਂ ਹਦਾਇਤਾਂ ਮੁਤਾਬਿਕ ਸ਼ੁਰੂ ਕੀਤਾ ਸੀ। ਉਸਦਾ ਕਹਿਣਾ ਹੈ ਕਿ ਅੱਜ ਇਕ ਖੁੰਬਾਂ ਦਾ ਵਿਸ਼ਾਲ ਫਾਰਮ ਬਣਨ ਨਾਲ 7 ਹਜ਼ਾਰ ਕੁਇੰਟਲ ਤੁੜੀ ਸਾਲਾਨਾ ਲਾਗਤ ਆਉਂਦੀ ਹੈ। ਉਸਦਾ ਕਹਿਣਾ ਹੈ ਕਿ ਕਣਕ ਦੇ ਸੀਜ਼ਨ ਵਿਚ ਉਹੀ ਤੂੜੀ ਮੁੱਲ ਖਰੀਦਦੇ ਹਨ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਉਸਦਾ ਕਹਿਣਾ ਹੈ ਕਿ ਇਸ ਫਾਰਮ ਤੇ 60 ਪਰਿਵਾਰਾਂ ਨੂੰ ਰੁਜਗਾਰ ਮਿਲਿਆ ਹੈ।

ਖੁੰਬਾਂ ਸਰੀਰਕ ਤੰਦਰੁਸਤੀ ਲਈ ਵਰਦਾਨ-

ਜਾਣਕਾਰੀ ਮੁਤਾਬਿਕ ਖੁੰਬਾਂ ਦਾ ਜਿਆਦਾ ਉਪਯੋਗ ਗੁਆਂਢੀ ਰਾਜ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਕੀਤਾ ਜਾਂਦਾ ਹੈ। ਇਹ ਸਵਾਦੀ ਹੋਣ ਦੇ ਨਾਲ ਨਾਲ ਕਈ ਪੋਸ਼ਕ ਤੱਤਾ ਨਾਲ ਵੀ ਭਰਪੂਰ ਹੁੰਦੀ ਹੈ। ਖੁੰਬਾਂ ਵਿਚ ਸ਼ਰੀਰ ਲਈ ਸਾਰੇ ਜਰੂਰੀ ਤੱਤ ਪੂਰਨ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਵਿਚ ਵਿਟਾਮਨ ਬੀ ਦੀ ਮਾਤਰਾ ਹੋਰ ਖਾਧ ਪਦਾਰਥਾਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਟ, ਲੂਣ ਆਦਿ ਜਿਹੇ ਪੋਸ਼ਕ ਤੱਤ ਵੀ ਖੁੰਬਾਂ ਚ ਪਾਏ ਜਾਂਦੇ ਹਨ। ਦੂਜੇ ਪ੍ਰਚਲਤ ਖਾਧ ਪਦਾਰਥਾਂ ਦੇ ਮੁਕਾਬਲੇ ਜਿਆਦਾ ਕੈਲਰੀ ਇਸ ਦੀਆਂ ਗੁਛੀਆ ਤੋਂ ਪ੍ਰਾਪਤ ਹੁੰਦੀ ਹੈ। ਇਸ ਦਾ ਇਸਤੇਮਾਲ ਕਰਨ ਨਾਲ ਬੇਵਕਤੇ ਬੁਢਾਪੇ ਦਾ ਡਰ ਵੀ ਮਨੁੱਖ ਨੂੰ ਨਹੀਂ ਰਹਿੰਦਾ। ਮੋਟਾਪਾ ਚ ਕਮੀ ਸ਼ਰੀਰਕ ਸੁੰਦਰਤਾ ਨਿਯਮਤ ਖਾਣ ਨਾਲ ਆਉਂਦੀ ਹੈ।

ਪੰਜਾਬ ਵਿਚ ਖੁੰਬਾਂ ਦਾ ਉਪਯੋਗ ਜ਼ਿਆਦਾਤਰ ਵਿਆਹਾਂ ਚ ਹੀ ਕੀਤਾ ਜਾਂਦਾ ਹੈ। ਜੇਕਰ ਇਸਦੀ ਤੁਲਨਾ ਮੀਟ ਤੇ ਪਨੀਰ ਦੇ ਭਾਅ ਨਾਲ ਕੀਤੀ ਜਾਵੇ ਤਾਂ ਇਹ ਕਿਤੇ ਸਸਤੀ ਬੈਠਦੀ ਹੈ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਲੁਧਿਆਣਾ, ਫਿਰੋਜਪੁਰ, ਫਾਜਿਲਕਾ, ਦਿੱਲੀ, ਜੰਮੂ, ਅਬੋਹਰ, ਮੋਗਾ, ਜਲੰਧਰ ਤੇ ਕਈ ਹੋਰ ਵਡੇ ਸ਼ਹਿਰਾਂ ਚ ਤਿਆਰ ਕੀਤੀ ਖੁੰਬ ਨੂੰ ਭੇਜਦੇ ਹਨ। ਉਸਦਾ ਕਹਿਣਾ ਹੈ ਕਿ ਜੇਕਰ ਹੋਰ ਸਬਜੀਆਂ ਦੀ ਤਰ੍ਹਾਂ ਖੁੰਬਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਈ ਬਿਮਾਰੀਆਂ ਤੇ ਮੁਕਤੀ ਮਿਲਦੀ ਹੈ। ਮੌਸਮੀ ਖੁੰਬਾਂ ਲਈ ਨਵੰਬਰ ਮਹੀਨੇ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਇਹ ਦਸੰਬਰ ਵਿਚ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਫਰਵਰੀ ਤੱਕ ਚਲਦੀ ਹੈ ਅਤੇ ਮਾਰਚ ਵਿਚ ਖਤਮ ਹੋ ਜਾਂਦੀ ਹੈ।

ਖੁੰਬ ਉਤਪਾਦਕਾ ਦੀ ਸਰਕਾਰ ਬਾਂਹ ਫੜ੍ਹੇ-

ਪੰਜਾਬ ਵਿਚ ਖੁੰਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਾਕਰ ਨੂੰ ਖੁੰਬ ਉਤਪਾਦਕ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਖੁੰਬਾਂ ਦੇ ਫਾਰਮ ਦਾ ਪੂਰਾ ਬੀਮਾ ਕਰਵਾ ਕੇ ਫਸਲ ਖਰਾਬ ਹੋਣ ਦੀ ਸੂਰਤ ਵਿਚ ਕਿਸਾਨ ਦੇ ਘਾਟੇ ਦੀ ਪੂਰਤੀ ਬੀਮਾ ਕੰਪਣੀ ਵਲੋਂ ਕੀਤੀ ਜਾਵੇ ਤਾਂ ਜੋ ਖੁੰਬ ਉਤਪਾਦਕਾਂ ਨੂੰ ਘਾਟਾ ਪੈਣ ਕਰਕੇ ਆਰਥਿਕ ਸੱਟ ਪੈਣ ਤੋਂ ਬਚਾਇਆ ਜਾ ਸਕੇ। ਸਫ਼ਲ ਖੁੰਬ ਉਤਪਾਦਕ ਗੁਰਦੀਪ ਸਿੰਘ ਨੰਬਰਦਾਰ ਗੁਰਾਲੀ ਦਾ ਕਹਿਣਾ ਹੈ ਕਿ ਖੁੰਬ ਉਤਪਾਦਨ ਨੂੰ ਮਦਦ ਕਰਨ ਲਈ ਖੁੰਬ ਫਾਰਮ ਦੇ ਬੀਮੇ ਦੀਆਂ ਕਿਸ਼ਤਾਂ ਦਾ ਭੁਗਤਾਨ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖੁੰਬ ਉਤਪਾਦਕ ਕਿਸਾਨਾਂ ਦਾ ਵਿਸ਼ਵਾਸ ਸਰਕਾਰ ਦੇ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਮੌਸਮੀ ਸੀਜ਼ਨ ਵਿਚ ਮਾਰਕੀਟ ਵਿਚ ਜ਼ਿਆਦਾ ਖੁੰਬਾਂ ਆਉਣ ਨਾਲ ਕਈ ਵਾਰ ਇਸਦਾ ਭਾਅ ਡਿੱਗ ਜਾਦਾ ਹੈ ਜਿਸ ਤੋਂ ਬਚਣ ਲਈ ਸਰਕਾਰ ਨੂੰ ਖੁੰਬਾਂ ਦੇ ਬਾਹਰਲੇ ਮੁਲਕਾਂ ਨੂੰ ਨਿਰਯਾਤ ਕਰਨ ਲਈ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਹਵਾਈ ਜਹਾਜ (ਕਾਰਗੋ) ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਪੰਜਾਬ ਵਿਚ ਖੁੰਬਾਂ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਅਤੇ ਖੁੰਬਾਂ ਦੇ ਮਨੁੱਖੀ ਸਿਹਤ ਨੂੰ ਹੁੰਦੇ ਲਾਭ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਨੂੰ ਛਡ ਕੇ ਖੁੰਬਾਂ ਦਾ ਵਧ ਤੋਂ ਵਧ ਪ੍ਰਯੋਗ ਸਬਜੀ, ਸਨੈਕਸ ਅਤੇ ਦੂਸਰੇ ਰੂਪਾਂ ਵਿਚ ਕਰਨਾ ਚਾਹੀਦਾ ਹੈ।

ਪੀ.ਏ.ਯੂ ਵਲੋਂ ਦਿਤੀ ਜਾਂਦੀ ਹੈ ਮੁਫ਼ਤ ਸਿਖਲਾਈ-

ਇਸ ਸਬੰਧੀ ਪੀ.ਏ.ਯੂ. ਦੇ ਖੁੰਬ ਸਪੈਸ਼ਲਿਸ਼ਟ ਡਾ. ਸੰਮੀ ਕਪੂਰ ਨੇ ਕਿਹਾ ਕਿ ਖੁੰਬ ਫਾਰਮ ਪੰਜਾਬ ਚ ਵਿਰਲੇ ਟਾਵੇਂ ਹਨ, ਉਂਝ ਮੌਸਮੀ ਗਰਮ ਤੇ ਸਰਦ ਰੁਤੀ ਖੁੰਬਾਂ ਪੈਦਾਵਾਰ ਵੱਡੀ ਤਦਾਦ ਵਿਚ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਇਸਨੂੰ ਸਹਾਇਕ ਧੰਦੇ ਵਜੋਂ ਅਪਣਾਉਣਾ ਕਿਸਾਨਾ ਲਈ ਔਖਾ ਨਹੀਂ ਹੈ ਕਿਉਂਕਿ ਤੂੜੀ ਪਰਾਲੀ ਕਿਸਾਨਾਂ ਕੋਲ ਆਪਣੀ ਹੁੰਦੀ ਹੈ। ਪੀ.ਏ.ਯੂ ਵਲੋਂ ਮੁਫ਼ਤ ਸਿਖਲਾਈ ਦਿਤੀ ਜਾਂਦੀ ਹੈ ਅਤੇ ਵਡੇ ਫਾਰਮ ਲਈ ਕੌਮੀ ਬਾਗਬਾਨੀ ਮਿਸ਼ਨ ਤਹਿਤ 40 ਫੀਸਦੀ ਸਬਸਿਡੀ ਦਿਤੀ ਜਾਂਦੀ ਹੈ। ਇਸ ਲਈ ਕਿਸਾਨ ਇਸ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904