ਚੰਡੀਗੜ੍ਹ: ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਕਣਕ ਝੋਨਾ ਦੋ ਫਸਲਾਂ ਦੀ ਕਾਸ਼ਤ ਕਰਦੇ ਹਨ। ਇਸ ਲਈ ਉਨ੍ਹਾਂ ਦੀ ਆਮਦਨ ਵੀ ਸੀਮਤ ਹੁੰਦੀ ਹੈ। ਪਰ ਕੁਝ ਕਿਸਾਨ ਅਜਿਹੇ ਵੀ ਹਨ ਜਿਹੜੇ ਸਾਲ ਵਿੱਚ ਕਣਕ ਝੋਨੇ ਸਮੇਤ ਤਿੰਨ ਫਸਲਾਂ ਦੀ ਕਾਸਤ ਕਰਕੇ ਚੋਖੀ ਕਮਾਈ ਕਰਦੇ ਹਨ। ਖੰਨਾ ਇਲਾਕੇ ਵਿੱਚ ਤਿੰਨ ਫਸਲਾਂ ਲੈਣ ਵਾਲੇ ਕਿਸਾਨਾਂ ਨੇ ਸ਼ੁਰੂ ਕੀਤਾ ਅਗੇਤੇ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ।


ਪਿੰਡ ਮਾਜਰਾ ਰਹੌਣ ਵਿੱਚ ਕਿਸਾਨ ਦਲਜੀਤ ਸਿੰਘ ਬਾਬਾ ਨੇ ਤਕਰੀਬਨ 9 ਏਕੜ ਝੋਨੇ ਦੀ ਕਟਾਈ ਕੰਬਾਈਨ ਨਾਲ ਕਰਵਾਈ। ਉਨ੍ਹਾਂ ਦੱਸਿਆ ਕਿ ਉਹ ਸਾਲ ਵਿੱਚ ਤਿੰਨ ਫ਼ਸਲਾਂ ਲੈਂਦੇ ਹਨ। ਇਸ ਕਰਕੇ ਆਲੂਆਂ ਦੀ ਬਿਜਾਈ ਲਈ ਉਨ੍ਹਾਂ ਨੂੰ ਅਗੇਤਾ ਝੋਨਾ ਲਾਉਣਾ ਪੈਂਦਾ ਹੈ। ਇਸ ਵਾਰ ਉਨ੍ਹਾਂ ਨੇ ਝੋਨੇ ਦੀ ਕਿਸਮ 1509 ਅਤੇ 26 ਲਾਈ ਹੈ ਜੋ ਦੂਜੀਆਂ ਕਿਸਮਾਂ ਨਾਲੋਂ ਪਹਿਲਾਂ ਪੱਕਦੀ ਹੈ।

ਅਗੇਤੇ ਝੋਨੇ ਦੀ ਵਿਕਰੀ ਬਾਰੇ ਉਨ੍ਹਾਂ ਦੱਸਿਆ ਕਿ ਉਹ ਜ਼ਿਆਦਾ ਨਮੀ ਵਾਲਾ ਝੋਨਾ ਹਰਿਆਣਾ ਦੀ ਚੀਕਾ ਮੰਡੀ ਵਿੱਚ ਵੇਚਦੇ ਹਨ, ਜਿੱਥੇ ਝੋਨਾ ਛੇਤੀ ਵਿਕ ਜਾਂਦਾ ਹੈ ਅਤੇ ਭਾਅ ਵੀ ਪੰਜਾਬ ਨਾਲੋਂ ਠੀਕ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ 26 ਕਿਸਮ ਦਾ ਭਾਅ 1300 ਰੁਪਏ ਪ੍ਰਤੀ ਕੁਇੰਟਲ ਅਤੇ 1509 ਦਾ ਭਾਅ 1935 ਰੁਪਏ ਲੱਗਿਆ ਹੈ।

ਇਸ ਤੋਂ ਇਲਾਵਾ ਖੰਨਾ ਅਤੇ ਸਮਰਾਲਾ ਇਲਾਕੇ ਦੇ ਲੋਕ ਜਿਹੜੇ ਆਲੂ ਦੀ ਖੇਤੀ ਕਰਦੇ ਹਨ, ਉਹ ਵੀ ਅਗੇਤੀ ਫ਼ਸਲ ਹਰਿਆਣਾ ਦੀ ਚੀਕਾ ਮੰਡੀ ਵਿੱਚ ਵੇਚਦੇ ਹਨ। ਮਾਜਰਾ ਰਹੌਣ ਤੋਂ ਇਲਾਵਾ ਪਿੰਡ ਸੇਹ, ਬਰਵਾਲੀ, ਸਲੌਦੀ, ਬਰ੍ਹਮਾਂ, ਹੇੜੀਆਂ, ਮੁਸਕਾਬਾਦ ਤੇ ਖੀਰਨੀਆਂ ਆਦਿ ਵਿੱਚ ਅਗੇਤੇ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ।