17 ਕਰੋੜ 6 ਮਹੀਨਿਆਂ 'ਚ ਖੇਤੀ 'ਚੋਂ ਕਮਾਏ ਇਸ ਖਿਡਾਰੀ ਨੇ
ਏਬੀਪੀ ਸਾਂਝਾ | 17 Sep 2016 12:18 PM (IST)
ਸਿਡਨੀ: ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਅਕਸਰ ਕ੍ਰਿਕਟ ਸਿਤਾਰੇ ਕੁਮੈਂਟਰੀ ਕਰਦੇ ਹਨ ਜਾਂ ਕਿਸੇ ਟੀਮ ਦੇ ਕੋਚ ਅਤੇ ਸਹਾਇਕ ਕੋਚ ਬਣ ਜਾਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਉੱਚ ਖਿਡਾਰੀਆਂ ਵਿਚੋਂ ਇੱਕ ਰਹਿ ਚੁੱਕੇ ਖਿਡਾਰੀ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਅਤੇ ਇਸ ਖਿਡਾਰੀ ਦਾ ਨਾਂ ਹੈ ਐਡਮ ਗਿਲਕਰਿਸਟ । ਐਡਮ ਨੇ ਲਗਭਗ 4000 ਕੌਮਾਂਤਰੀ ਮੈਚ ਖੇਡੇ ਹਨ। ਲਗਭਗ 12 ਸਾਲਾਂ ਤਕ ਕ੍ਰਿਕਟ 'ਚ ਚੰਗਾ ਨਾਮ ਖੱਟਣ ਵਾਲੇ ਐਡਮ ਅੱਜ-ਕੱਲ੍ਹ ਚੰਦਨ ਦੀ ਖੇਤੀ ਕਰਦੇ ਹੋਏ ਧਮਾਲ ਕਰ ਰਹੇ ਹਨ ਅਤੇ ਹੁਣ ਤਕ ਉਨ੍ਹਾਂ ਨੇ ਕਰੋੜਾਂ ਰੁਪਏ ਕਮਾ ਲਏ ਹਨ। 6 ਮਹੀਨਿਆਂ 'ਚ ਕਮਾਏ 17 ਕਰੋੜ ਤੋਂ ਵਧੇਰੇ ਅਸਲ 'ਚ 2010 ਵਿਚ ਐਡਮ ਨੇ ਚੰਦਨ ਦੀ ਖੇਤੀ ਕਰਨ ਲਈ ਟੀ. ਐੱਫ. ਐੱਸ. ਕਾਰਪੋਰੇਸ਼ਨ ਵਿਚ ਨਿਵੇਸ਼ ਕੀਤਾ। ਆਸਟ੍ਰੇਲੀਆ 'ਚ ਖ਼ਾਸ ਪਛਾਣ ਵਾਲੀ ਇਸ ਕੰਪਨੀ ਵਿਚ ਲਗਭਗ 17 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਉਸ ਨੇ ਇਸ ਕੰਪਨੀ ਨੂੰ ਡੁੱਬਣ ਤੋਂ ਬਚਾ ਲਿਆ। ਸਿਰਫ਼ 6 ਮਹੀਨਿਆਂ ਵਿਚ ਕੰਪਨੀ ਦੇ ਸ਼ੇਅਰ ਦੁੱਗਣੇ ਹੋ ਗਏ ਅਤੇ ਇਸ ਕਾਰਨ ਐਡਮ ਨੂੰ ਇਸ ਦਾ ਲਾਭ ਤਕਰੀਬਨ 17.98 ਕਰੋੜ ਰੁਪਏ ਹੋਇਆ। ਹੁਣ ਐਡਮ ਆਪਣੇ ਪੱਧਰ 'ਤੇ ਸੈਂਕੜੇ ਏਕੜ ਦੀ ਜ਼ਮੀਨ 'ਤੇ ਚੰਦਨ ਦੀ ਖੇਤੀ ਕਰ ਰਿਹਾ ਹੈ। ਇਹ ਕੰਪਨੀ ਉਗਾਉਂਦੀ ਹੈ ਭਾਰਤੀ ਚੰਦਨ ਆਸਟ੍ਰੇਲੀਆ ਦੀ ਟੀ. ਐੱਫ. ਐੱਸ. ਕਾਰਪੋਰੇਸ਼ਨ ਦੇ ਸੀ ਈ ਓ ਨੇ 1999 ਵਿਚ ਭਾਰਤੀ ਚੰਦਨ ਦੀ ਖੇਤੀ ਕਰਨ ਦੀ ਸਿਖਲਾਈ ਲਈ ਸੀ। ਇਸ ਦੇ ਦੋ ਸਾਲਾਂ ਮਗਰੋਂ ਭਾਵ 2001 ਵਿਚ ਇਸ ਕੰਪਨੀ ਨੇ ਆਸਟ੍ਰੇਲੀਆ ਵਿਚ ਭਾਰਤੀ ਚੰਦਨ ਦੀ ਖੇਤੀ ਸ਼ੁਰੂ ਕਰ ਲਈ। ਜ਼ਿਕਰਯੋਗ ਹੈ ਕਿ ਮੰਦੀ ਕਾਰਨ ਇਹ ਕੰਪਨੀ ਡੁੱਬਣ ਲੱਗ ਗਈ ਸੀ ਪਰ 2010 ਵਿਚ ਐਡਮ ਨੇ ਇਸ 'ਚ ਨਿਵੇਸ਼ ਕਰ ਕੇ ਇਸ ਨੂੰ ਬਚਾ ਲਿਆ। ਹੁਣ ਇਹ ਕੰਪਨੀ ਚੰਦਨ ਦਾ ਤੇਲ ਵੀ ਆਪ ਹੀ ਬਣਾਉਂਦੀ ਹੈ ਅਤੇ ਚੰਦਨ ਦੇ ਉਤਪਾਦ ਵੀ ਵੇਚਦੀ ਹੈ।