ਮੈਲਬਾਰਨ : ਆਸਟ੍ਰੇਲੀਆ ਦੇ ਖ਼ੋਜੀਆਂ ਨੇ ਭਾਰਤੀ ਖੋਜ ਫਾਊਡੇਸ਼ਨ ਨਾਲ ਖਾਰੇ ਪਾਣੀ 'ਚ ਝੋਨੇ ਦੀ ਨਵੀਂ ਕਿਸਮ (ਸਾਲਟ ਟਾਲਰੈਂਟ) ਵਿਕਸਿਤ ਕਰਨ ਦਾ ਸਮਝੌਤਾ ਕੀਤਾ ਹੈ। ਇਹ ਸਮਝੌਤਾ ਖ਼ੁਰਾਕ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਨਾਲ ਜੁੜੇ ਪ੍ਰਾਜੈਕਟ ਦਾ ਹਿੱਸਾ ਹੈ।
ਚੇਨਈ ਦੇ ਐੱਮ.ਐੱਸ. ਸਵਾਮੀਨਾਥਨ ਖੋਜ ਫਾਊਡੇਸ਼ਨ ਅਤੇ 'ਯੂਨੀਵਰਸਿਟੀ ਆਫ਼ ਤਸਮਾਨੀਆ' ਨੇ ਪਿਛਲੇ ਹਫ਼ਤੇ 20 ਲੱਖ ਅਮਰੀਕੀ ਡਾਲਰ ਦੇ ਇਸ ਪ੍ਰਾਜੈਕਟ 'ਤੇ ਦਸਤਖ਼ਤ ਕੀਤੇ।
'ਆਸਟ੍ਰੇਲੀਆ-ਭਾਰਤ ਰਣਨੀਤਿਕ ਖੋਜ ਫ਼ੰਡ' ਇਸ ਪ੍ਰਾਜੈਕਟ ਦਾ ਸਮਰਥਨ ਕਰ ਰਿਹਾ ਹੈ। ਦੋਵੇਂ ਸੰਸਥਾਵਾਂ ਭਾਰਤ ਅਤੇ ਆਸਟ੍ਰੇਲੀਆ ਦੀ ਬਾਇਓ ਤਕਨਾਲੋਜੀ ਦੀ ਵਰਤੋਂ ਕਰ ਕੇ ਵੱਖ-ਵੱਖ ਜੰਗਲੀ ਨਸਲਾਂ 'ਚੋਂ ਝੋਨੇ ਦੀਆਂ ਅਜਿਹੀ ਕਿਸਮਾਂ 'ਤੇ ਖੋਜ ਕਰਨਗੇ ਜੋ ਖਾਰੇ ਪਾਣੀ 'ਚ ਉਗਾਈਆਂ ਜਾ ਸਕਣਗੀਆਂ।
'ਯੂਨੀਵਰਸਿਟੀਜ਼ ਸਕੂਲ ਆਫ਼ ਲੈਂਡ ਐਂਡ ਫੂਡ' ਦੇ ਮੁਖੀ ਹੋਲਗਰ ਮੈਈਨਕੇ ਨੇ ਦੱਸਿਆ ਕਿ ਦੁਨੀਆ 'ਚ ਚਾਵਲ ਸਭ ਤੋਂ ਮਹੱਤਵਪੂਰਨ ਖ਼ੁਰਾਕ ਹਨ।
ਖ਼ਾਸ ਗੱਲ ਇਹ ਹੈ ਕਿ ਦੁਨੀਆ 'ਚ ਚਾਵਲ ਦੇ ਕੁਲ ਉਤਪਾਦਨ ਦਾ 92 ਫ਼ੀਸਦੀ ਏਸ਼ੀਆ 'ਚ ਹੀ ਉਗਾਇਆ ਜਾਂਦਾ ਹੈ ਪਰ ਕਈ ਇਲਾਕਿਆਂ 'ਚ ਸਮੁੰਦਰੀ ਪਾਣੀ ਜਾਂ ਖਾਰੇ ਪਾਣੀ ਕਾਰਨ ਜ਼ਮੀਨ ਉਪਜਾਊ ਨਹੀਂ ਹੁੰਦੀ , ਜਿਸ ਕਾਰਨ ਨਾਲ ਚੌਲ ਉਗਾਉਣ ਵਾਲੇ ਕਈ ਕਿਸਾਨਾਂ ਨੂੰ ਰੋਜ਼ੀ-ਰੋਟੀ ਕਮਾਉਣੀ ਔਖੀ ਹੋ ਗਈ ਹੈ।