ਚੰਡੀਗੜ੍ਹ: ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਨੂੰ 10 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਜਿਲ੍ਹਾ ਮਾਨਸਾ ਦੇ ਕਸਬਾ ਬੁਢਲਾਡਾ ਦੇ ਆਮ ਅਜਲਾਸ ਦੇ ਮੌਕੇ ’ਤੇ ਚੁਣੇ ਗਏ ਡਾਇਰੈਕਟਰਾਂ ਦੀ ਹਾਜ਼ਰੀ ਵਿੱਚ ਹੋਇਆ।


ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਦੇ ਸੀਨੀਅਰ ਮੈਨੇਜਰ ਪਰਮਜੀਤ ਲਾਲ ਨੇ ਦੱਸਿਆ ਕਿ ਬੈਂਕ ਦਾ ਵਿੱਤੀ ਸਾਲ ਦਾ ਲੇਖਾ ਜੋਖਾ ਜਿੱਥੇ ਪ੍ਰਵਾਨ ਕੀਤਾ ਗਿਆ ਉੱਥੇ ਵਿੱਤੀ ਸਾਲ ਵਿੱਚ ਖੇਤੀ ਸੈਕਟਰ, ਸਹਾਇਕ ਧੰਦੇ, ਛੋਟੇ ਦੁਕਾਨਦਾਰਾਂ ਲਈ 10 ਕਰੋੜ ਰੁਪਏ ਦੇ ਕਰਜ਼ੇ ਦੇਣ ਲਈ ਪ੍ਰਵਾਨਗੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਦਿੱਤਾ ਜਾਣ ਵਾਲਾ ਕਰਜ਼ਾ ਬਾਕੀ ਬੈਂਕਾਂ ਦੇ ਮੁਕਾਬਲੇ ਘੱਟ ਰੇਟ ਦੇ ਸਾਲਾਨਾ ਵਿਆਜ ’ਤੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੈਂਕ ਪਿਛਲੇ ਸਾਲ ਦੇ ਮੁਕਾਬਲੇ 4 ਲੱਖ 57 ਹਜ਼ਾਰ ਦੇ ਮੁਨਾਫੇ ਵਿੱਚ ਰਿਹਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੈਂਕ ਵੱਲੋਂ ਕਿਸਾਨਾਂ ਦੀ ਭਲਾਈ ਲਈ ਲਾਭਪਾਤਰੀ ਸਕੀਮਾਂ ਰਾਹੀਂ ਕਰੋੜਾਂ ਰੁਪਏੇ ਦੇ ਕਰਜ਼ੇ ਦਿੱਤੇ ਜਾ ਰਹੇ ਹਨ ਪ੍ਰੰਤੂ ਕਿਸਾਨਾਂ ਵੱਲੋਂ ਉਮੀਦ ਤੋਂ ਘੱਟ ਸਹਿਯੋਗ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਹਾਜ਼ਰ ਬੈਂਕ ਦੇ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਦੀ ਮਜਬੂਤੀ ਲਈ ਕਿਸਾਨਾਂ ਅਤੇ ਬੈਂਕ ਵਿਚਕਾਰ ਮਿੱਤਰਤਾ ਦਾ ਰੋਲ ਨਿਭਾਉਣ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਨੂੰ ਦਿੱਤੇ ਕਰਜ਼ਿਆਂ ਦੀ ਬਕਾਇਆ ਵਸੂਲੀ 29 ਕਰੋੜ ਰੁਪਏ ਦੀ ਹੈ।