ਚੰਡੀਗੜ੍ਹ : ਤਾਜ਼ਾ ਅੰਕੜਿਆਂ ਦੇ ਅਨੁਸਾਰ ਵੀ 70 ਫ਼ੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨਾਂ ਦੇ ਮਾਲਕ ਰਹਿ ਗਏ ਹਨ । ਇਹ ਘੱਟ ਜ਼ਮੀਨਾਂ ਦੇ ਮਾਲਕ ਜਾਂ ਵੱਡੇ ਪਰਿਵਾਰਾਂ ਵਾਲੇ ਪੁਰਾਣੇ ਸਮੇਂ ਤੋਂ ਹੀ ਆਪਣੀ ਆਮਦਨ ਵਿੱਚ ਵਾਧੇ ਦੇ ਲਈ ਵੱਡੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਲੈ ਕੇ ਖੇਤੀ ਕਰਦੇ ਰਹੇ ਹਨ । ਪਰ ਹਰੀ ਕ੍ਰਾਂਤੀ ਤੋਂ ਪਹਿਲਾਂ ਖ਼ਾਸ ਕਰਕੇ ਜਦੋਂ ਤੱਕ ਝੋਨਾ ਪੰਜਾਬ ਦੀ ਮੁੱਖ ਫ਼ਸਲ ਨਹੀਂ ਸੀ ਅੱਜ ਵਾਂਗ ਜ਼ਮੀਨ ਠੇਕਾ ਪ੍ਰਣਾਲੀ ਪ੍ਰਚੱਲਿਤ ਨਹੀਂ ਸੀ । ਖ਼ਾਸ ਕਰਕੇ ਹਿੱਸਾ , ਵਟਾਈ ਜਾਂ ਗਹਿਣੇ ਜ਼ਮੀਨਾਂ ਲੈਂਦੇ ਸਨ । ਇਸ ਤਰਾਂ ਦੋਵਾਂ ਧਿਰਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਸੀ ਜਿੰਨੀ ਵੱਧ ਜਾਂ ਘੱਟ ਫ਼ਸਲ ਹੁੰਦੀ ਦੋਨਾਂ ਵਿੱਚ ਵੰਡੀ ਜਾਂਦੀ ।ਪਰ ਝੋਨੇ ਦੀ ਖੇਤੀ ਤੋਂ ਬਾਅਦ ਇਹ ਹਿੱਸਾ ਪ੍ਰਣਾਲੀ ਖ਼ਤਮ ਹੋ ਗਈ ਜ਼ਮੀਨ ਪ੍ਰਤੀ ਏਕੜ ਪੈਸਿਆਂ ਨਾਲ ਲੋਕ ਲੈਣ ਲੱਗੇ ਜਿਸ ਨੂੰ ਠੇਕਾ ਪ੍ਰਣਾਲੀ ਦਾ ਨਾਂ ਦਿੱਤਾ ਗਿਆ । ਸ਼ੁਰੂਆਤੀ ਸਾਲਾਂ ਲਗਭਗ 1999-2000 ਤੱਕ ਇਹ ਸਿਸਟਮ ਵੀ ਠੀਕ ਰਿਹਾ ਕਿਉਂਕਿ ਪਾਣੀ ਦਾ ਪੱਧਰ ਉੱਚਾ ਸੀ ,ਜ਼ਮੀਨਾਂ ਦੀ ਸਿਹਤ ਠੀਕ ਕਰਕੇ ਖ਼ਰਚ ਘੱਟ ਸੀ , ਠੇਕਾ ਕੀਮਤ ਵੀ ਠੀਕ ਸੀ ।ਪਰ ਜਿਉਂ ਹੀ ਜ਼ਮੀਨਾਂ ਹੋਰ ਘਟੀਆਂ ਕੋਈ ਹੋਰ ਰੁਜ਼ਗਾਰ ਨਾਂ ਹੋਣ ਕਰਕੇ ਘੱਟ ਜ਼ਮੀਨ ਲੋਕਾਂ ਨੇ ਆਮਦਨ ਲਈ ਠੇਕੇ ਤੇ ਜ਼ਮੀਨਾਂ ਲੈ ਖੇਤੀ ਕਰਨੀ ਸ਼ੁਰੂ ਕਰ ਦਿੱਤੀ । ਜਿਸ ਨਾਲ ਨਾਂ ਸਿਰਫ਼ ਠੇਕਾ ਕੀਮਤਾਂ ਵਧੀਆਂ ਬਲਕਿ ਉਤਪਾਦਨ ਲਾਗਤਾਂ ਵਿੱਚ ਭਾਰੀ ਵਾਧਾ ਹੋਇਆ । ਜਿਸ ਨੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਲੱਕ ਤੋੜ ਦਿੱਤਾ । ਬਹੁਤ ਸਾਰੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪਏ । ਉਹ ਮਜ਼ਦੂਰ ਸ਼੍ਰੇਣੀ ਵਿੱਚ ਸ਼ਾਮਿਲ ਹੋ ਗਏ ਇਸ ਪ੍ਰਥਾ ਨੇ ਕਿਸਾਨੀ ਆਤਮ ਹੱਤਿਆਵਾਂ ਨੂੰ ਬਹੁਤ ਜ਼ਿਆਦਾ ਹਵਾ ਦਿੱਤੀ । ਜੇ ਅੱਜ ਦੇ ਸੰਦਰਭ ਵਿੱਚ ਦੇ ਦੇਖਿਆ ਜਾਵੇ ਪੰਜਾਬ ਵਿੱਚ ਪ੍ਰਤੀ ਏਕੜ ਠੇਕਾ ਲਗਭਗ 52000 ਹੈ । ਜਿਸ ਉੱਪਰ ਝੋਨੇ ਤੇ 2000 ਰੁ. ਵਹਾਈ ਤੇ ਕੱਦੂ ਦਾ ਖ਼ਰਚ , 2500 ਰੁ. ਲਵਾਈ , 3500 ਰੁ. ਰੇਹ ਤੇ ਦਵਾਈਆਂ (ਨਦੀਨ ਤੇ ਕੀਟਨਾਸ਼ਕ, ਉੱਲੀ ਨਾਸ਼ਕ) ਦਾ ਖ਼ਰਚ ਹੇ ਕੋਈ ਵਾਧੂ ਬਿਮਾਰੀ ਨਾਂ ਲੱਗੇ , 1000 ਰੁ. ਡੀਜ਼ਲ ਖ਼ਰਚ ਜੇ ਬਿਜਲੀ ਮੁਫ਼ਤ ਹੈ ਤਾਂ ਅਤੇ 1500 ਰੁ. ਕਟਾਈ ਤੇ ਕਰਚੇ ਵਢਾਈ ਇਹ ਬਿਨਾਂ ਆਪਣੀ ਲੇਬਰ ਤੋਂ ਕੁੱਲ ਬਣ ਗਿਆ 62500 ਰੁ. । ਜੇਕਰ ਪਿਛਲੇ ਸਾਲ ਦੀ ਤਰਾਂ ਬੰਪਰ ਫ਼ਸਲ ਹੋਵੇ 32 ਕੁਇੰਟਲ ਪ੍ਰਤੀ ਏਕੜ 1530 ਰੁ. ਦੇ ਨਵੇਂ ਭਾਅ ਨਾਲ ਕੁੱਲ ਆਮਦਨ ਹੋਵੇਗੀ 48960 ਰੁਪਏ । ਇਸ ਤਰਾਂ ਸਾਉਣੀ ਵਿੱਚੋਂ ਪ੍ਰਤੀ ਏਕੜ ਸ਼ੁੱਧ ਘਾਟਾ ਹੋਵੇਗਾ 13548 ਰੁ. ਹੋਵੇਗਾ । ਹਾੜ੍ਹੀ ਕਣਕ ਤੇ ਖ਼ਰਚ ਹੋਵੇਗਾ 2000 ਰੁ. ਵਹਾਈ ਤੇ ਬੀਜ ਬਿਜਾਈ , 3000 ਰੁ. ਰੇਹ ਤੇ ਦਵਾਈ (ਨਦੀਨ ਤੇ ਕੀਟਨਾਸ਼ਕ) ਅਤੇ ਕਟਾਈ 1000 ਰੁ. ਕੁੱਲ ਬਣਿਆਂ 6000+13548 = 19548 । ਕਣਕ ਦਾ ਝਾੜ ਜੇ ਪਿਛਲੇ ਸਾਲ ਦੀ ਤਰਾਂ ਠੀਕ ਰਹੇ ਪ੍ਰਤੀ ਏਕੜ 18 ਕੁਇੰਟਲ ਭਾਅ 1530 ਤਾਂ ਆਮਦਨ ਬਣੇਗੀ 27540 , ਪਿਛਲਾ ਘਾਟਾ ਅਤੇ ਕਣਕ ਦਾ ਖ਼ਰਚ 19548 ਇਸ ਤਰਾਂ 27540-19548 = 7992 ਕੁੱਲ ਬੱਚਤ ਬਣੀ 7992 ਰੁ. ਪ੍ਰਤੀ ਏਕੜ ਇਹ ਸਿਰਫ਼ ਮੋਟੇ ਖ਼ਰਚ ਹਨ ਇਸ ਤੋਂ ਬਿਨਾਂ ਕਿਸਾਨ ਤੇ ਪੂਰੇ ਪਰਿਵਾਰ ਦੀ ਮਜ਼ਦੂਰੀ-ਮਿਹਨਤ ਸ਼ਾਮਿਲ ਨਹੀਂ । ਖੇਤੀ ਮਸ਼ੀਨਰੀ ਦੀ ਟੁੱਟ ਭੱਜ , ਸਾਂਭ ਸੰਭਾਲ ਦਾ ਖ਼ਰਚ , ਬਿਜਲੀ ਮੋਟਰ-ਟਰਾਂਸਫ਼ਾਰਮਰ ਦੀ ਸੜ੍ਹ-ਸੜ੍ਹਾਈ ਵੱਖਰੀ ਹੋਵੇਗੀ । ਬਿਜਲੀ-ਪਾਣੀ ਦਾ ਖ਼ਰਚ ਸ਼ਾਮਲ ਨਹੀਂ ਹੈ । ਕੁਦਰਤੀ ਆਫ਼ਤਾਂ ਕੁਦਰਤ ਦੇ ਰਹਿਮ ਤੇ ਹਨ । ਉਕਤ ਅੰਕੜਿਆਂ ਤੋਂ ਸਾਫ਼ ਹੈ ਖੇਤੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਸੂਬੇ ਵਿੱਚ ਬਦਲਵੇਂ ਰੁਜ਼ਗਾਰ ਪ੍ਰਬੰਧ ਦੀ ਫ਼ੌਰੀ ਜ਼ਰੂਰਤ ਹੈ ਕਿਸਾਨਾਂ ਨੂੰ ਵੀ ਜ਼ਮੀਨ ਠੇਕੇ ਤੇ ਲੈਣ ਲੱਗਿਆਂ ਸੋਚਣਾ ਚਾਹੀਦਾ ਹੈ । ਛੋਟੀ ਕਿਸਾਨੀ ਖੇਤੀ ਸੈਕਟਰ ਵਿੱਚੋਂ ਬਾਹਰ ਜਾ ਰਹੀ ਹੈ ਕਿਸਾਨ ਖੁਦਕੁਸ਼ੀਆਂ ਦੀ ਪ੍ਰਕ੍ਰਿਆ ਤੇਜ਼ ਹੋ ਰਹੀ ਹੈ ਹਰ ਰੋਜ਼ ਔਸਤ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇੱਕ ਦਹਾਕੇ 6926 ਕਿਸਾਨ ਸਰਕਾਰੀ ਅੰਕੜਿਆਂ ਅਨੁਸਾਰ ਮੌਤ ਦੇ ਮੂੰਹ ਵਿੱਚ ਜਾ ਪਏ ਹਨ । ਪਰ ਅਸਲ ਸਥਿਤੀ ਹੋਰ ਵੀ ਗੰਭੀਰ ਹੈ । 70 ਫ਼ੀਸਦੀ ਕਿਸਾਨੀ ਨੂੰ ਬਚਾਉਣ ਲਈ ਠੋਸ ਤੇ ਫ਼ੌਰੀ ਉਪਰਾਲਿਆਂ ਦੀ ਜ਼ਰੂਰਤ ਹੈ ।