ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਜੀਤਪੁਰਾ ਨੇ ਕਿਹਾ ਕਿ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਆਲਮਗੜ੍ਹ, ਢਾਣੀ ਚਿਰਾਗ ਤੇ ਸੈਦਾਂਵਾਲੀ ਵਿੱਚੋਂ ਜਿਹੜੀ ਡਰੇਨ ਕੱਢੀ ਜਾ ਰਹੀ ਹੈ, ਉਸ ਸਬੰਧੀ ਜ਼ਮੀਨ ਦਾ ਮੁੱਲ ਬਹੁਤ ਘੱਟ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਨੇੜੇ ਹੋਣ ਕਾਰਨ ਇਨ੍ਹਾਂ ਜ਼ਮੀਨਾਂ ਦਾ ਮੁੱਲ ਕਰੌੜਾਂ ਰੁਪਏ ਹੈ, ਪਰ ਸਰਕਾਰ ਕਿਸਾਨਾਂ ਨੂੰ ਉਚਿਤ ਮੁੱਲ ਨਹੀਂ ਦੇ ਰਹੀ। ਕਿਸਾਨ ਆਗੂ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਾ ਦਿੱਤਾ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਕਿਸਾਨ ਆਗੂ ਨੇ ਕਿਹਾ ਕਿ ਇਸ ਸਬੰਧੀ ਇੱਕ ਮੰਗ ਪੱਤਰ ਐਸਡੀਐਮ ਸੁਭਾਸ਼ ਖੱਟਕ ਨੂੰ ਸੌਂਪਿਆ ਗਿਆ ਹੈ।
ਐਸਡੀਐਮ ਨੇ ਕਿਹਾ ਕਿ ਜ਼ਮੀਨ ਮੁਤਾਬਕ ਹੀ ਮੁੱਲ ਦਿੱਤਾ ਜਾਵੇਗਾ, ਜੇ ਕੋਈ ਕਿਸਾਨ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮੁੱਲ ਨਾਲ ਸਹਿਮਤ ਨਹੀਂ ਹੈ ਤਾਂ ਉਹ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਇਸ ਮੁੱਦੇ ਤੋਂ ਦੂਰ ਰਹੇ ਜੇ ਕਿਸਾਨਾਂ ਨੂੰ ਜ਼ਮੀਨ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕਰਨ।