ਚੰਡੀਗੜ੍ਹ: ਪੰਜਾਬ ਦੇ ਸ਼ੈਲਰ ਮਾਲਕਾਂ ਨੇ ਸਰਕਾਰ ਵੱਲੋਂ ਬਾਰਦਾਨੇ ਦੇ 1100 ਕਰੋੜ ਰੁਪਏ ਦੇ ਬਕਾਇਆਂ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸ਼ੈਲਰਾਂ ਨੂੰ ਜ਼ਿੰਦਰੇ ਲਾਕੇ ਚਾਬੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪਣ ਦਾ ਐਲਾਨ ਕੀਤਾ ਹੈ।  ਇੰਨਾ ਹੀ ਨਹੀਂ ਸਰਕਾਰ ਵੱਲੋਂ ਬਾਰਦਾਨੇ ਦੇ 1100 ਕਰੋੜ ਰੁਪਏ ਦੇ ਬਕਾਇਆਂ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਭੜਕੇ ਸ਼ੈਲਰ ਮਾਲਕਾਂ ਨੇ ਇਸ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਅਤੇ ਸਟੋਰੇਜ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਜ਼ਿਲ੍ਹਾ ਰਾਈਸ ਮਿਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਆਗੂ ਗੁਰਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ।


ਚੀਮਾ ਨੇ ਦੱਸਿਆ ਕਿ ਅਜਿਹਾ ਫੈਸਲਾ ਪੰਜਾਬ ਭਰ ਦੇ ਸ਼ੈਲਰ ਮਾਲਕਾਂ ਨੇ ਲਿਆ ਹੈ, ਜਿਸ ਤਹਿਤ  ਜ਼ਿਲ੍ਹਾ ਪੱਧਰ ‘ਤੇ ਅਜਿਹੇ ਬਾਈਕਾਟ ਦਾ ਨਿਰਣਾ ਲਿਆ ਗਿਆ ਹੈ।  ਪੰਜਾਬ ਭਰ ਦੇ ਸ਼ੈਲਰ ਮਾਲਕਾਂ ਦਾ ਬਾਰਦਾਨੇ ਸਬੰਧੀ 1100 ਕਰੋੜ ਰੁਪਇਆ ਭਾਵੇਂ ਕਿ ਐਫ.ਸੀ.ਆਈ. ਵੱਲ ਰਹਿੰਦਾ ਸੀ, ਪਰ ਐਫ.ਸੀ.ਆਈ ਵੱਲੋਂ ਇਸ ਦੀ ਰਾਜ ਸਰਕਾਰ ਨੂੰ ਅਦਾਇਗੀ ਕਰ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹ ਬਕਾਏ ਚੁਕਤਾ ਨਹੀਂ ਕੀਤੇ ਜਾ ਰਹੇ।

ਇਸ ਤੋਂ ਇਲਾਵਾ ਪਨਗਰੇਨ ਵੱਲੋਂ ਤਾਂ ਟਰਾਂਸਪੋਰਟੇਸ਼ਨ ਦਾ ਕਰੋੜਾਂ ਦਾ ਬਕਾਇਆ ਵੀ ਨਹੀਂ ਦਿੱਤਾ। ਲੇਵੀ ਦੇ ਪੈਸੇ ਵੀ ਉਨ੍ਹਾਂ ‘ਤੇ ਜਬਰਦਸਤੀ ਪਾਏ ਜਾ ਰਹੇ ਹਨ ਤੇ ਮਿਲਿੰਗ ਸਬੰਧੀ ਮਿਲਣ ਵਾਲੇ 10 ਰੁਪਏ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਕਰਕੇ ਪੰਜਾਬ ਦੇ ਤਿੰਨ ਹਜ਼ਾਰ ਸ਼ੈਲਰ ਬੰਦ ਹੋਣ ਕਿਨਾਰੇ ਹਨ। ਮੀਟਿੰਗ ਵਿੱਚ ਮੁਲਖ ਰਾਜ ਗੁਪਤਾ, ਸੰਜੇ ਭੀਤ, ਸੰਟੀ ਗੋਇਲ, ਆਸ਼ੂ ਗਰਗ, ਹਨੀਸ਼ ਗੋਇਲ, ਜਤਿੰਦਰ ਟੀਨੂੰ ਬਾਂਸਲ, ਰਜਿੰਦਰ ਪੱਪੂ, ਦਿਲਬਾਗ ਸਿੰਘ, ਦਵਿੰਦਰ ਬੱਗਾ, ਅਸ਼ੋਕ ਗੋਇਲ, ਰਮੇਸ਼ ਪੱਪੂ ਅਤੇ ਰਾਜ ਕੁਮਾਰ ਹਾਜ਼ਰ ਸਨ।