ਚੰਡੀਗੜ੍ਹ: ਮੋਗਾ ਦੇ ਪਿੰਡ ਰੌਂਤਾ ਦੇ 48 ਏਕੜ ਰਕਬੇ ਵਿੱਚ ਫੈਲਿਆ ਸਰਕਾਰੀ ਬੀਜ ਫ਼ਾਰਮ ਘੱਟ ਪਾਣੀ 'ਤੇ ਥੋੜੇ ਸਮੇਂ ’ਚ ਤਿਆਰ ਹੋਣ ਵਾਲੀਆਂ ਨਵੀਆਂ ਤਕਨੀਕਾਂ ਨਾਲ ਬੀਜ ਤਿਆਰ ਕਰ ਰਿਹਾ ਹੈ। ਇਹ ਕਿਸਾਨਾਂ ਲਈ ਸਮੇਂ ਦਾ ਹਾਣੀ ਤੇ ਮਾਰਗ ਦਰਸ਼ਕ ਬਣਿਆ ਹੋਇਆ ਹੈ। ਇਹ ਸੂਬੇ ਦੇ ਹੋਰ ਸਰਕਾਰੀ ਬੀਜ ਫ਼ਾਰਮਾਂ ਤੋਂ ਵੱਧ ਪੈਦਾਵਾਰ ਦਾ ਰਿਕਾਰਡ ਵੀ ਕਾਇਮ ਕਰ ਚੁੱਕਾ ਹੈ। ਰਾਜ ਪੁਰਸਕਾਰ ਜੇਤੂ ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫ਼ਾਰਮ ਵਿੱਚ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਨ ਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਫ਼ਾਰਮ ਨੂੰ ਪਹਿਲਾਂ ਕਪਾਹ ਵਿਸਥਾਰ ਬੀਜ ਫ਼ਾਰਮ ਨਾਲ ਜਾਣਿਆ ਜਾਂਦਾ ਸੀ। ਇਹ ਫ਼ਾਰਮ 1980 ਤੋਂ 1990 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਧੀਨ ਰਿਹਾ। ਖੇਤੀਬਾੜੀ ਵਿਭਾਗ ਦੀ ਨਿਗਰਾਨੀ ਹੇਠ ਆਉਣ ਤੋਂ ਬਾਅਦ ਇਸ ਫ਼ਾਰਮ ਵਿੱਚ ਕਣਕ, ਸਰ੍ਹੋਂ, ਝੋਨਾ, ਬਾਸਮਤੀ, ਮੱਕੀ, ਗੰਨਾ ਆਦਿ ਫ਼ਸਲਾਂ ਦਾ ਘੱਟ ਪਾਣੀ ਤੇ ਘੱਟ ਸਮੇਂ ’ਚ ਪੱਕਣ ਵਾਲੀਆਂ ਨਵੀਆਂ ਤਕਨੀਕਾਂ ਨਾਲ ਬੀਜ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫ਼ਾਰਮ ਵਿੱਚ ਦੇਸੀ ਕਪਾਹ ਦਾ ਸਫ਼ਲ ਪ੍ਰਦਰਸ਼ਨੀ ਪਲਾਂਟ ਮਾਲਵਾ ਖੇਤਰ ’ਚ ਆਗਾਮੀ ਕਪਾਹ ਨਰਮੇ ਦੀ ਫ਼ਸਲ ਲਈ ਮਾਰਗ ਦਰਸ਼ਕ ਬਣੇਗਾ।
ਇਸ ਵਾਰ ਫ਼ਾਰਮ ਵਿੱਚ ਘੱਟ ਪਾਣੀ ਤੇ 90 ਤੋਂ 95 ਦਿਨਾਂ ਵਿੱਚ ਤਿਆਰ ਹੋਣ ਵਾਲੀ ਝੋਨੇ ਦੀ ਪੀ.ਆਰ 126 ਕਿਸਮ ਭਰਪੂਰ ਪੈਦਾਵਾਰ ਵਾਲੀ ਕਿਸਮ ਮੰਨੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਆਗਾਮੀ ਝੋਨੇ ਦੀ ਬਿਜਾਈ ਲਈ ਪੀਆਰ 126 ਕਿਸਮ ਦਾ ਬੀਜ ਤਿਆਰ ਕਰਨ ਲਈ ਜਾਗਰੂਕ ਕੀਤਾ ਹੈ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਧ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਚਲੇ ਜਾਣ ਮਗਰੋਂ ਸੈਂਟਰਲ ਅੰਡਰਗਰਾਊਂਡ ਵਾਟਰ ਬੋਰਡ ਨੇ ਪੰਜਾਬ ਦੇ 145 ਬਲਾਕਾਂ ਵਿੱਚੋਂ ਮੋਗਾ ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚੋਂ ਤਿੰਨ ਬਲਾਕਾਂ ਮੋਗਾ-1, ਮੋਗਾ-2 ਤੇ ਨਿਹਾਲ ਸਿੰਘ ਵਾਲਾ ਸਮੇਤ 110 ਬਲਾਕਾਂ ਨੂੰ ਡਾਰਕ ਜ਼ੋਨ ਐਲਾਨ ਦਿੱਤਾ ਗਿਆ ਹੈ।
ਇਸ ਚਣੌਤੀ ਨਾਲ ਨਜਿੱਠਣ ਲਈ ਝੋਨੇ ਦੀਆਂ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਾਣੀ ਦੀ ਬੱਚਤ ਲਈ ਵਿਕਸਤ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਕਿਸਾਨਾਂ ਨੂੰ ਸੱਦਾ ਦਿੱਤਾ ਹੈ।